ਪਿਛਲੇ ਦੋ ਦਹਾਕਿਆਂ ਦਾ ਬਹੁਤਾ ਹਿੱਸਾ ਸ਼ਤਰੰਜ ਦੀ ਦੁਨੀਆ ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਵਾਲੇ ਖਿਡਾਰੀ ਮੈਗਨਸ ਕਾਰਲਸਨ ਨੇ ਨੌਰਵੇ ਚੈੱਸ ਦੌਰਾਨ ਕਨਫੈਸ਼ਨ ਬਾਕਸ 'ਚ ਕਿਹਾ, ''ਅਸੀਂ ਬੁੱਢੇ ਹੋ ਰਹੇ ਹਾਂ।'' ਉਸ ਦਾ ਇਹ ਇਕਬਾਲ ਅਜੀਬ ਜਿਹੀ ਗੂੰਜ ਛੱਡ ਗਿਆ ਹੈ। ਇਹ ਟਿੱਪਣੀ ਵੈਸਲੇਅ ਸੋ ਵਿਰੁੱਧ ਉਸ ਦੇ ਮੈਚ ਦੌਰਾਨ ਆਈ।
ਇਹ ਅਜਿਹਾ ਮੁਕਾਬਲਾ ਸੀ ਜੋ ਹਾਰ ਨਾਲ ਖ਼ਤਮ ਹੋਇਆ ਅਤੇ ਜਿਸ ਨੇ ਨੌਰਵੇ ਦੇ ਖਿਡਾਰੀ ਨੂੰ ਹੈਰਾਨੀਜਨਕ ਤੌਰ 'ਤੇ ਛੇ ਖਿਡਾਰੀਆਂ ਦੀ ਰੈਂਕਿੰਗ 'ਚ ਸਭ ਤੋਂ ਹੇਠਾਂ ਪਹੁੰਚਾ ਦਿੱਤਾ। ਆਪਣੀ ਆਦਤ ਅਨੁਸਾਰ, ਕਾਰਲਸਨ ਕਨਫੈਸ਼ਨ ਬੂਥ ਵਿੱਚ ਗਿਆ ਜੋ ਕਿ ਸਾਲ 2015 ਵਿੱਚ ਸ਼ੁਰੂ ਕੀਤੀ ਗਈ ਨੌਰਵੇ ਚੈੱਸ ਦੀ ਨਵੀਂ ਪਹਿਲ ਹੈ ਤਾਂ ਕਿ ਖਿਡਾਰੀਆਂ ਨੂੰ ਖੇਡ ਦੌਰਾਨ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਸਾਂਝਾ ਕਰਨ ਲਈ ਪਲੈਟਫਾਰਮ ਦਿੱਤਾ ਜਾ ਸਕੇ।
ਨੌਰਵੇ ਚੈੱਸ ਵੱਲੋਂ 'ਐਕਸ' ਉੱਤੇ ਪੋਸਟ ਕੀਤੇ ਗਏ ਵੀਡੀਓ ਵਿੱਚ, ਕਾਰਲਸਨ ਨੇ ਆਪਣੇ ਮਨ ਦੀ ਸਥਿਤੀ ਦੀ ਇਮਾਨਦਾਰ ਝਲਕ ਪੇਸ਼ ਕਰਦਿਆਂ ਕਿਹਾ, ''ਤਾਂ, ਇਹ ਹੁਣ ਤੱਕ ਦੀ ਮੇਰੀ ਅੱਜ ਦੀ ਡਾਇਰੀ ਹੈ… ਮੇਰਾ ਚੰਗਾ ਦੋਸਤ ਜੋਹਾਨੈਸ, ਦੁਪਹਿਰ ਦੇ ਖਾਣੇ 'ਤੇ ਆਇਆ ਸੀ ਅਤੇ ਅਸੀਂ ਗੱਲ ਕਰ ਰਹੇ ਸਾਂ ਕਿ ਕਿਵੇਂ ਅਸੀਂ ਦੋਵੇਂ ਅੱਜਕੱਲ੍ਹ ਯਾਦਦਾਸ਼ਤ ਦੀ ਸਮੱਸਿਆ ਨਾਲ ਜੂਝ ਰਹੇ ਹਾਂ। ਉਹ ਮੇਰੀ ਹੀ ਉਮਰ ਦਾ ਹੈ ਅਤੇ ਇਹ ਕਿ ਅਸੀਂ ਬੁੱਢੇ ਹੋ ਰਹੇ ਹਾਂ ਆਦਿ… ਅਤੇ ਮੈਂ ਇਸ ਵੇਲੇ ਬਿਲਕੁਲ ਅਜਿਹਾ ਹੀ ਮਹਿਸੂਸ ਕਰ ਰਿਹਾ ਹਾਂ।'' 35 ਸਾਲਾ ਕਾਰਲਸਨ ਜੋ ਸੱਤ ਵਾਰ ਦਾ ਨੌਰਵੇ ਚੈੱਸ ਚੈਂਪੀਅਨ ਅਤੇ ਮੌਜੂਦਾ ਖ਼ਿਤਾਬ ਜੇਤੂ ਹੈ, ਨੇ ਪਿਛਲੇ ਦੋ ਦਹਾਕਿਆਂ ਦਾ ਬਹੁਤਾ ਸਮਾਂ ਇਸ ਖੇਡ ਦੇ ਸਿਖਰ 'ਤੇ ਬਿਤਾਇਆ ਹੈ।
