Dailyhunt Logo
  • Light mode
    Follow system
    Dark mode
    • Play Story
    • App Story

Opposition ਵੱਲੋਂ Parliament complex 'ਚ ਪ੍ਰਦਰਸ਼ਨ

ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਣੇ ਵਿਰੋਧੀ ਧਿਰਾਂ ਦੇ ਹੋਰਨਾਂ ਸੰਸਦ ਮੈਂਬਰਾਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਉੱਤੇ ਪੁਲੀਸ ਵੱਲੋਂ ਬੇਰਹਿਮੀ ਨਾਲ ਡਾਂਗਾਂ ਵਰ੍ਹਾਉਣ ਖਿਲਾਫ਼ ਅੱਜ ਸੰਸਦੀ ਅਹਾਤੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੁਆਫੀ ਮੰਗਣ ਲਈ ਕਿਹਾ। ਉਧਰ, ਡੀ ਐੱਮ ਕੇ ਸੰਸਦ ਮੈਂਬਰਾਂ ਨੇ ਮੈਡੀਕਲ ਕੋਰਸਾਂ ਵਿੱਚ ਦਾਖਲਿਆਂ ਵਾਸਤੇ ਲਈ ਜਾਂਦੀ ਨੀਟ ਪ੍ਰੀਖਿਆ 'ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਵੱਖਰੇ ਤੌਰ 'ਤੇ ਪ੍ਰਦਰਸ਼ਨ ਕੀਤਾ।

ਹੱਥਾਂ ਵਿੱਚ ਤਖਤੀਆਂ ਤੇ ਬੈਨਰ ਚੁੱਕੀ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਮਕਰ ਦੁਆਰ ਦੀਆਂ ਪੌੜ੍ਹੀਆਂ 'ਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨਾਅਰੇ ਲਾਏ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਖਿਲਾਫ਼ ਕਥਿਤ ਪੁਲੀਸ ਵਧੀਕੀਆਂ ਬਾਰੇ ਗ੍ਰਹਿ ਮੰਤਰੀ ਤੋਂ ਜਵਾਬ ਮੰਗਿਆ। ਪ੍ਰਦਰਸ਼ਨ ਵਿੱਚ ਰਾਹੁਲ ਤੇ ਪ੍ਰਿਯੰਕਾ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਤੇ ਝਾਰਖੰਡ ਮੁਕਤੀ ਮੋਰਚਾ ਦੀ ਮਹੂਆ ਮਾਜੀ ਤੇ ਹੋਰ ਸ਼ਾਮਲ ਸਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਲੰਘੇ ਦਿਨੀਂ ਸ਼ਾਹ ਨੂੰ ਪੱਤਰ ਲਿਖ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ 'ਬੇਰਹਿਮੀ ਨਾਲ ਡਾਂਗਾਂ ਵਰ੍ਹਾਉਣ' ਦੀ ਜਵਾਬਦੇਹੀ ਤੈਅ ਕੀਤੇ ਜਾਣ ਦੀ ਮੰਗ ਕੀਤੀ ਸੀ।

ਖੜਗੇ ਤੇ ਰਾਹੁਲ ਨੇ ਮੋਦੀ ਨੂੰ ਮੁਆਫ਼ੀ ਮੰਗਣ ਲਈ ਕਿਹਾ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਬਿਹਾਰ 'ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣ ਲਈ ਏ ਕੇ-47 ਰਾਈਫਲਾਂ ਦੀ ਵਰਤੋਂ ਕੀਤੀ ਗਈ। ਦੋਵੇਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਆਫ਼ੀ ਮੰਗਣ ਅਤੇ ਵਿਦਿਆਰਥੀਆਂ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਖੜਗੇ ਅਤੇ ਰਾਹੁਲ ਨੇ 'ਐਕਸ' 'ਤੇ ਕਿਹਾ ਕਿ ਪੂਰਾ ਸਿਸਟਮ ਵਿਦਿਆਰਥੀਆਂ ਪ੍ਰਤੀ ਘਾਤਕ ਬਣ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ 'ਚ ਵਿਦਿਆਰਥੀਆਂ 'ਤੇ ਪੈਲੇਟ ਗੰਨ ਅਤੇ ਬਿਹਾਰ 'ਚ ਏ ਕੇ-47 ਦੀ ਵਰਤੋਂ ਕੀਤੀ ਗਈ ਹੈ ਜਦਕਿ ਸੈਂਕੜੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਿਹਾਰ ਅਤੇ ਪੱਛਮੀ ਬੰਗਾਲ 'ਚ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਧਮਕੀਆਂ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਜਬਰੀ ਹਿਰਾਸਤ 'ਚ ਲਿਆ ਜਾ ਰਿਹਾ ਹੈ। ਖੜਗੇ ਨੇ ਕਿਹਾ ਕਿ ਨੌਜਵਾਨਾਂ ਨੂੰ ਲਾਠੀਆਂ ਅਤੇ ਪੈਲੇਟ ਗੰਨ ਨਾਲ ਕੁੱਟਿਆ ਗਿਆ ਅਤੇ ਹੁਣ ਜਦੋਂ ਪ੍ਰਦਰਸ਼ਨ ਖ਼ਤਮ ਹੋ ਗਏ ਹਨ ਤਾਂ ਉਨ੍ਹਾਂ ਦੇ ਸੋਸ਼ਲ ਮੀਡੀਆ ਖ਼ਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਇੱਕ ਡਰੇ ਹੋਏ ਤਾਨਾਸ਼ਾਹ ਦੀ ਨਿਸ਼ਾਨੀ ਹੈ। -ਪੀਟੀਆਈ

Dailyhunt
Disclaimer: This content has not been generated, created or edited by Dailyhunt. Publisher: Punjabi Tribune