Dailyhunt

ਪਾਬੰਦੀ ਦੇ ਬਾਵਜੂਦ ਨਾਜਾਇਜ਼ ਖਣਨ ਜਾਰੀ: ਰਾਣਾ ਕੇ ਪੀ

ਕਾਂਗਰਸ ਆਗੁੂ ਅਤੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸਵਾਂ ਨਦੀ ਅਤੇ ਸਤਲੁਜ ਦਰਿਆ ਵਿੱਚ ਐੱਨ ਜੀ ਟੀ ਵੱਲੋਂ ਡੀਸਿਲਟਿੰਗ ਵੱਲੋਂ ਰੋਕ ਲਾਉਣ ਦੇ ਬਾਵਜੂਦ ਨੰਗਲ ਅਤੇ ਆਨੰਦਪੁਰ ਸਾਹਿਬ ਦੇ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਡੀਸਿਲਟਿੰਗ ਦੀ ਆੜ ਹੇਠ ਨਾਜਾਇਜ਼ ਖਣਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਦਾਅਵਾ ਅੱਜ ਨੰਗਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਕਾਬਿਲੇਗੋਰ ਹੈ ਕਿ ਐੱਨ ਜੀ ਟੀ ਨੇ ਪੰਜਾਬ ਵਿੱਚ 85 ਸਾਈਟਾਂ 'ਤੇ ਖਣਨ 'ਤੇ 2 ਅਪਰੈਲ ਤੋਂ ਮੁਕੰਮਲ ਰੋਕ ਲਾਈ ਹੈ।

ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਅਗੰਮਪੁਰ, ਖੇੜਾ ਕਲਮੋਟ ਅਤੇ ਐਲਗਰਾ ਜ਼ੋਨ 'ਤੇ ਵੱਡੇ ਪੱਧਰ 'ਤੇ ਨਾਜਾਇਜ਼ ਖਣਨ ਹੋ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 4 ਅਪਰੈਲ ਤੱਕ ਇਹ ਗੋਰਖ ਧੰਦਾ ਬੰਦ ਨਾ ਕਰਵਾਇਆ ਤਾਂ ਉਹ ਆਪਣੇ ਸਾਥੀਆਂ ਸਮੇਤ ਅਨੰਦਪੁਰ ਸਾਹਿਬ ਕੋਰਟ ਕੰਪਲੈਕਸ ਵਿੱਚ ਸੋਮਵਾਰ ਨੂੰ ਧਰਨਾ ਦੇਣਗੇ ਅਤੇ ਮਾਈਨਿੰਗ ਵਾਲੀ ਥਾਵਾਂ ਤੇ ਜਾ ਕੇ ਰੋਸ ਪ੍ਰਦਰਸ਼ਨ ਕਰਨਗੇ। ਕਾਂਗਰਸੀ ਆਗੂ ਨੇ ਕਿਹਾ, ''ਮੈਂ, ਇਹ ਮਾਮਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਹੈ। ਖਣਨ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ਕਿਉਂਕਿ ਇਹ ਪੈਸਾ ਸਰਕਾਰੀ ਖਜ਼ਾਨੇ ਦੀ ਬਜਾਏ ਕਥਿਤ ਤੌਰ 'ਤੇ ਸਿਆਸੀ ਪਾਰਟੀ ਦੇ ਲੋਕਾਂ ਦੀਆਂ ਜੇਬ੍ਹਾਂ ਵਿੱਚ ਜਾ ਰਿਹਾ।'' ਸ੍ਰੀ ਰਾਣਾ ਨੇ ਕਿ ਕਿ ਉਹ ਨਾਜਾਇਜ਼ ਖਣਨ ਬੰਦ ਕਰਵਾ ਕੇ ਹੀ ਰਹਿਣਗੇ। ਇਸ ਮੌਕੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਨਗਰ ਸੁਧਾਰ ਟਰਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਅਸ਼ੋਕ ਪੁਰੀ ਆਦਿ ਹਾਜ਼ਰ ਸਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune