Ashok Kharat: ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਵੈ-ਘੋਸ਼ਿਤ ਪਾਖੰਡੀ ਬਾਬੇ ਅਸ਼ੋਕ ਖਰਾਤ ਨੇ ਪਿਛਲੇ ਕੁਝ ਸਾਲਾਂ ਵਿੱਚ ਮਹਾਰਾਸ਼ਟਰ ਦੀਆਂ ਦੋ ਸਹਿਕਾਰੀ ਕ੍ਰੈਡਿਟ ਸੋਸਾਇਟੀਆਂ ਵਿੱਚ ਵੱਖ-ਵੱਖ ਨਾਮਾਂ ਹੇਠ 130 ਤੋਂ ਵੱਧ ਖਾਤੇ ਖੋਲ੍ਹੇ ਅਤੇ ਲਗਪਗ 63 ਕਰੋੜ ਰੁਪਏ ਦਾ ਲੈਣ-ਦੇਣ ਕੀਤਾ, ਇੱਕ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਸੂਤਰਾਂ ਅਨੁਸਾਰ ਇਨ੍ਹਾਂ ਵਿੱਚੋਂ ਇੱਕ ਖਾਤਾ ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਰੂਪਾਲੀ ਚਾਕਣਕਰ ਦੀ ਭੈਣ ਦੇ ਨਾਮ ‘ਤੇ ਖੋਲ੍ਹਿਆ ਗਿਆ ਸੀ, ਜਿਨ੍ਹਾਂ ਨੇ ਪਿਛਲੇ ਮਹੀਨੇ ਨਾਸਿਕ ਵਿੱਚ ਖਰਾਤ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨਾਲ ਕਥਿਤ ਸਬੰਧ ਸਾਹਮਣੇ ਆਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਵੇਰਵੇ ਅਹਿਲਿਆਨਗਰ ਜ਼ਿਲ੍ਹੇ ਵਿੱਚ ਖਰਾਤ, ਉਸ ਦੀ ਪਤਨੀ ਕਲਪਨਾ ਅਤੇ ਤਿੰਨ ਹੋਰਾਂ ਵਿਰੁੱਧ ਦਰਜ ਧੋਖਾਧੜੀ ਦੇ ਮਾਮਲੇ ਦੀ ਪੁਲਿਸ ਜਾਂਚ ਦੌਰਾਨ ਸਾਹਮਣੇ ਆਏ ਹਨ।
ਇਹ ਮਾਮਲਾ ਨਾਸਿਕ ਜ਼ਿਲ੍ਹੇ ਦੇ ਰਹਿਣ ਵਾਲੇ ਖਰਾਤ ਜੋੜੇ ਨਾਲ ਸਬੰਧਤ ਹੈ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਸ਼ਿਰਡੀ ਦੇ ਮੰਦਰ ਕਸਬੇ ਵਿੱਚ ਚਾਰ ਏਕੜ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਮਾਲਕ ਨੂੰ ਉਨ੍ਹਾਂ ਨੇ 5.52 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਸ਼ਿਰਡੀ ਪੁਲੀਸ ਨੇ ਇਸ ਮਾਮਲੇ ਵਿੱਚ ਦੋ ਵਿਚੋਲਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਲਪਨਾ ਅਤੇ ਇੱਕ ਹੋਰ ਵਿਅਕਤੀ ਦੀ ਭਾਲ ਕਰ ਰਹੀ ਹੈ। ਅਹਿਲਿਆਨਗਰ ਦੇ ਪੁਲੀਸ ਸੁਪਰਡੈਂਟ (SP) ਸੋਮਨਾਥ ਘਾਰਗੇ ਨੇ ਦੱਸਿਆ ਕਿ ਕਲਪਨਾ ਨੂੰ ਦੇਸ਼ ਛੱਡ ਕੇ ਭੱਜਣ ਤੋਂ ਰੋਕਣ ਲਈ ਪੁਲੀਸ ਨੇ ਉਸ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ।
ਘਾਰਗੇ ਨੇ ਜਾਣਕਾਰੀ ਦਿੱਤੀ ਕਿ ਸ਼ਿਰਡੀ ਵਿਖੇ ਦਰਜ ਧੋਖਾਧੜੀ ਦੇ ਮਾਮਲੇ ਦੀ ਜਾਂਚ ਕਰਦੇ ਸਮੇਂ ਪੁਲੀਸ ਨੇ ਪਾਇਆ ਕਿ ਖਰਾਤ ਨੇ ਅਹਿਲਿਆਨਗਰ ਜ਼ਿਲ੍ਹੇ ਦੀਆਂ ਦੋ ਸਹਿਕਾਰੀ ਕ੍ਰੈਡਿਟ ਸੋਸਾਇਟੀਆਂ (ਵਿੱਤੀ ਸੰਸਥਾਵਾਂ ਜੋ ਕਰਜ਼ੇ, ਬਚਤ ਅਤੇ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਦੀਆਂ ਹਨ) ਵਿੱਚ ਵੱਖ-ਵੱਖ ਲੋਕਾਂ ਦੇ ਨਾਮ ‘ਤੇ 130 ਤੋਂ ਵੱਧ ਖਾਤੇ ਖੋਲ੍ਹੇ ਸਨ। ਇਨ੍ਹਾਂ ਸਾਰੇ ਖਾਤਿਆਂ ਵਿੱਚ ਪਿਛਲੇ ਦੋ ਸਾਲਾਂ ਵਿੱਚ ਭਾਰੀ ਲੈਣ-ਦੇਣ ਦਰਜ ਕੀਤਾ ਗਿਆ ਸੀ। ਐੱਸਪੀ ਅਨੁਸਾਰ ਇੱਕ ਕ੍ਰੈਡਿਟ ਸੋਸਾਇਟੀ ਵਿੱਚ 60 ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਹੋਇਆ ਸੀ ਅਤੇ ਦੂਜੀ ਵਿੱਚ ਪੁਲੀਸ ਨੂੰ ਹੁਣ ਤੱਕ 2.74 ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਮਿਲਿਆ ਹੈ।
ਘਾਰਗੇ ਨੇ ਦੱਸਿਆ ਕਿ ਇਨ੍ਹਾਂ ਸਾਰੇ ਖਾਤਿਆਂ ਲਈ ਨਾਮਜ਼ਦ ਵਿਅਕਤੀ (Nominee) ਖਰਾਤ ਸੀ ਅਤੇ ਹਰੇਕ ਖਾਤੇ ਲਈ ਉਸਦਾ ਮੋਬਾਈਲ ਨੰਬਰ ਸੰਪਰਕ ਵਜੋਂ ਦਰਜ ਸੀ। ਖਰਾਤ ਮਰਚੈਂਟ ਨੇਵੀ ਦਾ ਸਾਬਕਾ ਅਧਿਕਾਰੀ ਰਹਿ ਚੁੱਕਾ ਹੈ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਖਰਾਤ, ਜੋ ਜੋਤਸ਼ੀ ਹੋਣ ਦਾ ਦਾਅਵਾ ਵੀ ਕਰਦਾ ਸੀ, ਇਨ੍ਹਾਂ ਸਾਰੇ ਖਾਤਿਆਂ ਨੂੰ ਚਲਾ ਰਿਹਾ ਸੀ ਅਤੇ ਉਹ ਪੈਸੇ ਜਮ੍ਹਾ ਕਰਵਾ ਰਿਹਾ ਸੀ ਜੋ ਉਸ ਨੂੰ ਸਲਾਹ ਲਈ ਆਉਣ ਵਾਲੇ ਲੋਕਾਂ ਤੋਂ ਮਿਲਦੇ ਸਨ। ਦੂਜੇ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਖੁਲਾਸਿਆਂ ਦੇ ਚਲਦਿਆਂ ਈ ਡੀ ਦੇ ਵੀ ਇਸ ਜਾਂਚ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਖਰਾਤ ਵਿਰੁੱਧ ਘੱਟੋ-ਘੱਟ 10 ਐਫ ਆਈ ਆਰ ਦਰਜ ਹਨ - ਜ਼ਿਨ੍ਹਾਂ ਵਿੱਚ ਅੱਠ ਮਹਿਲਾਵਾਂ ਦੇ ਕਥਿਤ ਜਿਨਸੀ ਸ਼ੋਸ਼ਣ ਜਾਂ ਸ਼ੋਸ਼ਣ ਲਈ ਅਤੇ ਦੋ ਧੋਖਾਧੜੀ ਲਈ। ਸੂਬਾ ਸਰਕਾਰ ਦੁਆਰਾ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਉਸ ਦੀ ਜਾਂਚ ਕਰ ਰਹੀ ਹੈ। ਜਬਰ ਜਨਾਹ ਦਾ ਦੋਸ਼ੀ ਇਹ ‘ਬਾਬਾ’ 8 ਅਪਰੈਲ ਤੱਕ ਐਸਆਈਟੀ (SIT) ਦੀ ਹਿਰਾਸਤ ਵਿੱਚ ਹੈ।
