ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਭੁਨਰਹੇੜੀ ਨੇ ਆਪਣੀ ਜਗ੍ਹਾ ਛੱਡ ਕੇ ਪਿੰਡ ਦੀ ਪੰਚਾਇਤੀ ਜਗ੍ਹਾ 'ਤੇ ਕਬਜ਼ਾ ਕੀਤਾ ਹੋਇਆ ਹੈ। ਪੱਚੀ ਸਾਲ ਪਹਿਲਾਂ ਗਰਾਮ ਪੰਚਾਇਤ ਪਿੰਡ ਭੁਨਰਹੇੜੀ ਦੇ ਸਰਪੰਚ ਇੰਦਰਜੀਤ ਸਿੰਘ ਮਾਨ ਨੇ ਪੰਚਾਇਤ ਸਮਿਤੀ ਭੁਨਰਹੇੜੀ ਨੂੰ ਭੁਨਰਹੇੜੀ ਵਿੱਚ ਤਬਦੀਲ ਕਰਨ ਲਈ ਪਿੰਡ ਦੀ 3 ਬਿਘੇ ਜ਼ਮੀਨ ਦਾਨ ਵਜੋਂ ਦਿੱਤੀ ਸੀ। ਬੀ ਡੀ ਪੀ ਓ ਦਫ਼ਤਰ ਪਹਿਲਾਂ ਪਟਿਆਲਾ ਵਿੱਚ ਹੋਣ ਕਾਰਨ ਪੇਂਡੂ ਖੇਤਰ ਦੇ ਲੋਕਾਂ ਨੂੰ ਕੰਮ ਲਈ ਪਟਿਆਲਾ ਜਾਣਾ ਔਖਾ ਸੀ।
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦਫ਼ਤਰ ਭੁਨਰਹੇੜੀ ਵਿੱਚ ਤਬਦੀਲ ਕੀਤਾ ਗਿਆ ਸੀ। ਇਸ ਦਫ਼ਤਰ ਨੂੰ ਦਫ਼ਤਰੀ ਬਾਬੂ ਪਟਿਆਲਾ ਤੋਂ ਭੁਨਰਹੇੜੀ ਵਿੱਚ ਤਬਦੀਲ ਕਰਨ ਲਈ ਤਿਆਰ ਨਹੀਂ ਸਨ। ਮੀਡੀਆ ਵੱਲੋਂ ਇਸ ਦਫ਼ਤਰ ਨੂੰ ਤਬਦੀਲ ਕਰਨ ਦਾ ਮਾਮਲਾ ਵਾਰ-ਵਾਰ ਉਠਾਏ ਜਾਣ ਤੋਂ ਬਾਅਦ ਦਫ਼ਤਰ ਭੁਨਰਹੇੜੀ ਵਿੱਚ ਬਦਲਿਆ ਗਿਆ। 15 ਸਾਲ ਪਹਿਲਾਂ ਬੀ ਡੀ ਪੀ ਓ ਦਫ਼ਤਰ ਦੀ ਇਮਾਰਤ ਬਣਾਉਣ ਲਈ ਅਕਾਲੀ ਸਰਕਾਰ ਸਮੇਂ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਨੀਂਹ ਪੱਥਰ ਵੀ ਰੱਖਿਆ ਸੀ ਪਰ ਬਿਲਡਿੰਗ ਨਹੀਂ ਬਣਾਈ ਗਈ। ਬੀ ਡੀ ਪੀ ਓ ਦਫ਼ਤਰ ਆਪਣੀ ਜਗ੍ਹਾ ਦੀ ਐੱਸ ਸੀ ਭਾਈਚਾਰੇ ਦੀ ਧਰਮਸ਼ਾਲਾ ਅਤੇ ਪੰਚਾਇਤ ਘਰ 'ਤੇ ਕਬਜ਼ਾ ਕਰ ਕੇ ਬੈਠਾ ਹੈ। ਇਸ ਨਾਲ ਦਲਿਤ ਭਾਈਚਾਰੇ ਨੂੰ ਪ੍ਰੋਗਰਾਮ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੀ ਪੰਚਾਇਤ ਨੇ ਆਪਣੀ ਇਮਾਰਤ ਬੀ ਡੀ ਪੀ ਓ ਦਫ਼ਤਰ ਨੂੰ ਆਰਜ਼ੀ ਤੌਰ 'ਤੇ ਵਰਤਣ ਲਈ ਦਿੱਤੀ ਸੀ ਪਰ ਬਲਾਕ ਸਮਿਤੀ ਦਫ਼ਤਰ ਵੱਲੋਂ ਕੀਤੇ ਪੱਕੇ ਕਬਜ਼ੇ ਤੋਂ ਪੰਚਾਇਤ ਪ੍ਰੇਸ਼ਾਨ ਹੈ। ਪੰਚਾਇਤੀ ਜ਼ਮੀਨਾਂ ਦੀ ਰਾਖੀ ਕਰਨ ਵਾਲੇ ਬੀ ਡੀ ਪੀ ਓ ਦਫ਼ਤਰ ਦੀ ਆਪਣੀ ਜਗ੍ਹਾ 'ਤੇ ਵੀ ਕਈ ਵਾਰ ਕਬਜ਼ੇ ਹੋ ਚੁੱਕੇ ਹਨ। ਹੁਣ ਇਹ ਜਗ੍ਹਾ ਦਫ਼ਤਰ ਦੀ ਇਮਾਰਤ ਦੀ ਥਾਂ ਜੰਗਲ ਦਾ ਰੂਪ ਧਾਰਨ ਕਰ ਚੁੱਕੀ ਹੈ।
ਉੱਚ ਅਧਿਕਾਰੀਆਂ ਨੂੰ ਇਮਾਰਤ ਬਾਰੇ ਲਿਖਾਂਗਾ: ਬੀ ਡੀ ਪੀ ਓ
ਬੀ ਡੀ ਪੀ ਓ ਭੁਨਰਹੇੜੀ ਸੰਦੀਪ ਸਿੰਘ ਨੇ ਸਮਿਤੀ ਦਫ਼ਤਰ ਭੁਨਰਹੇੜੀ ਸਬੰਧੀ ਕਿਹਾ ਕਿ ਉਹ ਪਿੰਡ ਦੀ ਧਰਮਸ਼ਾਲਾ ਅਤੇ ਗ਼ਰੀਬਾਂ ਦੇ ਮਗਨਰੇਗਾ ਭਵਨ ਵਿੱਚ ਦਫ਼ਤਰ ਚਲਾ ਰਹੇ ਹਨ। ਦਫ਼ਤਰ ਦੀ ਜਗ੍ਹਾ 'ਤੇ ਪਹਿਲਾਂ ਲੋਕਾਂ ਨੇ ਕਬਜ਼ੇ ਕੀਤੇ ਹੋਏ ਸਨ। ਦਫ਼ਤਰ ਦੀ ਇਮਾਰਤ ਬਣਾਉਣ ਲਈ ਉਹ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਜਾਵੇਗਾ। ਸੰਦੀਪ ਸਿੰਘ ਨੇ ਕਿਹਾ ਕਿ ਉਹ ਸਮਿਤੀ ਦੀ ਜਗ੍ਹਾ ਵਿੱਚ ਇਮਾਰਤ ਬਣਾਉਣ ਲਈ ਪੰਚਾਇਤੀ ਰਾਜ ਦੇ ਐਕਸੀਅਨ ਤੋਂ ਐਸਟੀਮੇਟ ਤਿਆਰ ਕਰਵਾ ਕੇ ਜਲਦ ਸਰਕਾਰ ਤੋਂ ਫੰਡ ਦੀ ਮੰਗ ਕਰਨਗੇ।
