Dailyhunt Logo
  • Light mode
    Follow system
    Dark mode
    • Play Story
    • App Story

ਪਠਾਨਕੋਟ ਤੋਂ ਕਾਂਗੜਾ ਵਾਦੀ ਤੱਕ ਰੇਲ ਸੇਵਾ ਭਲਕ ਤੋਂ

ਲੰਮੇ ਇੰਤਜ਼ਾਰ ਬਾਅਦ ਪਠਾਨਕੋਟ ਤੋਂ ਕਾਂਗੜਾ ਵਾਦੀ ਤੱਕ ਰੇਲ ਸੇਵਾ 2 ਜੂਨ ਤੋਂ ਮੁੜ ਬਹਾਲ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਸਾਲ 2022 ਵਿੱਚ 20 ਅਗਸਤ ਨੂੰ ਚੱਕੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਵਿੱਚ ਪੰਜਾਬ-ਹਿਮਾਚਲ ਨੂੰ ਜੋੜਨ ਵਾਲਾ ਪੁਲ ਰੁੜ੍ਹ ਗਿਆ ਸੀ। ਉਦੋਂ ਤੋਂ ਪਠਾਨਕੋਟ ਤੋਂ ਹਿਮਾਚਲ ਨੂੰ ਰੇਲ ਸੇਵਾ ਬੰਦ ਹੋ ਗਈ ਸੀ। ਇਸ ਕਾਰਨ ਪੌਣੇ ਚਾਰ ਸਾਲ ਤੱਕ ਰੋਜ਼ਾਨਾ ਜਾਣ ਵਾਲੇ ਯਾਤਰੀਆਂ, ਕਾਰੋਬਾਰੀਆਂ ਅਤੇ ਸੈਲਾਨੀਆਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ ਸੀ।

ਰੇਲ ਸੇਵਾ ਠੱਪ ਹੋ ਜਾਣ ਨਾਲ ਲੋਕਾਂ ਨੂੰ ਮਹਿੰਗੀਆਂ ਬੱਸਾਂ ਤੇ ਟੈਕਸੀਆਂ ਵਿੱਚ ਸਫਰ ਕਰਨਾ ਪਿਆ। ਰੇਲਵੇ ਵੱਲੋਂ ਮੁੜ ਰੇਲਵੇ ਪੁਲ ਦਾ ਨਿਰਮਾਣ ਕਾਰਜ ਵੱਡੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਜੋ ਕਾਫੀ ਦੇਰ ਬਾਅਦ ਮੁਕੰਮਲ ਹੋਇਆ ਅਤੇ ਇਸ ਸਾਲ 24 ਫਰਵਰੀ ਨੂੰ ਰੇਲਵੇ ਸੇਫਟੀ ਕਮਿਸ਼ਨਰ ਦਿਨੇਸ਼ ਦੇਸ਼ਵਾਲ ਵੱਲੋਂ ਬਣਾਏ ਗਏ ਪੁਲ ਦਾ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਦੀ ਇੰਸਪੈਕਸ਼ਨ ਬਾਅਦ ਉਨ੍ਹਾਂ ਇਸ ਪੁਲ ਉੱਪਰ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਦੀ ਰਿਪੋਰਟ ਮਿਲਣ ਬਾਅਦ ਰੇਲਵੇ ਬੋਰਡ ਨੇ ਹੁਣ ਰੇਲ ਗੱਡੀਆਂ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ। ਰੇਲਵੇ ਦੇ ਜੰਮੂ ਡਿਵੀਜ਼ਨ ਦੇ ਅਧਿਕਾਰੀ ਉਚਿਤ ਸਿੰਘਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 2 ਜੂਨ ਤੋਂ ਇਸ ਪੁਲ ਉੱਪਰੋਂ ਰੇਲ ਸੇਵਾ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ 2 ਟਰੇਨਾਂ ਪਠਾਨਕੋਟ ਤੋਂ ਬੈਜਨਾਥ ਪਪਰੋਲਾ ਤੱਕ ਜਾਣਗੀਆਂ ਅਤੇ 2 ਹੀ ਵਾਪਸ ਆਉਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲੀ ਟਰੇਨ ਪਠਾਨਕੋਟ-ਬੈਜਨਾਥ ਪਪਰੋਲਾ ਸੈਕਸ਼ਨ ਤੇ ਪਠਾਨਕੋਟ ਤੋਂ ਸਵੇਰੇ 5 ਵਜੇ ਰਵਾਨਾ ਹੋ ਕੇ ਬੈਜਨਾਥ ਪਪਰੋਲਾ ਵਿਖੇ ਦੁਪਹਿਰ 12 ਵਜੇ ਪੁੱਜੇਗੀ। ਇਸੇ ਤਰ੍ਹਾਂ ਦੂਸਰੀ ਰੇਲ ਗੱਡੀ ਪਠਾਨਕੋਟ ਤੋਂ ਸਵੇਰੇ 7 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ ਇੱਕ ਵੱਜ ਕੇ 40 ਮਿੰਟ ਤੇ ਬੈਜਨਾਥ ਪਪਰੋਲਾ ਵਿਖੇ ਪੁੱਜੇਗੀ ਜਦ ਕਿ ਬੈਜਨਾਥ ਪਪਰੋਲਾ ਤੋਂ ਬਾਅਦ ਦੁਪਹਿਰ ਸਵਾ ਦਸ ਵਜੇ ਇੱਕ ਰੇਲ ਗੱਡੀ ਪਠਾਨਕੋਟ ਨੂੰ ਰਵਾਨਾ ਹੋਵੇਗੀ ਅਤੇ ਉਹ ਰਾਤ ਨੂੰ ਪੌਣੇ 10 ਵਜੇ ਪਠਾਨਕੋਟ ਪੁੱਜੇਗੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune