Dailyhunt Logo
  • Light mode
    Follow system
    Dark mode
    • Play Story
    • App Story

Pathanmajra ਵੱਲੋਂ ਹੋਰ ਪਾਰਟੀ 'ਚ ਜਾਣ ਤੋਂ ਇਨਕਾਰ

ਮ ਆਦਮੀ ਪਾਰਟੀ ਅਤੇ ਪਾਰਟੀ ਦੀ ਸਰਕਾਰ ਵੱਲੋਂ ਭਾਵੇਂ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਨਾਲ ਸਖ਼ਤ ਰੁਖ਼ ਅਖ਼ਤਿਆਰ ਕੀਤਾ ਗਿਆ ਪਰ ਇਸ ਦੇ ਬਾਵਜੂਦ ਪਠਾਣਮਾਜਰਾ ਅੱਜ ਵੀ ਆਪਣੀ ਪਾਰਟੀ ਦੇ ਨਾਲ ਖੜ੍ਹੇ ਹਨ। 'ਆਪ' ਦੇ ਨਾਲ ਹੁੰਦਿਆਂ ਉਨ੍ਹਾਂ ਨੇ ਹੋਰ ਕਿਸੇ ਵੀ ਸਿਆਸੀ ਪਾਰਟੀ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੇ ਪਾਰਟੀ ਹੀ ਉਨ੍ਹਾਂ ਨੂੰ ਕੱਢ ਦਿੰਦੀ ਹੈ ਤਾਂ ਉਹ ਜ਼ਰੂਰ ਕੋਈ ਹੋਰ ਰਾਹ ਲੱਭਣਗੇ।

ਜੇਲ੍ਹ ਤੋਂ ਪਰਤ ਕੇ ਹਲਕੇ ਵਿੱਚ ਪੁੱਜੇ ਪਠਾਣਮਾਜਰਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਖੜ੍ਹੇ ਹਨ। ਉਨ੍ਹਾਂ ਦੇ ਹਲਕੇ ਸਨੌਰ ਨੂੰ ਜੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾਂਦੇ ਹਨ ਤਾਂ ਉਹ ਅੱਜ ਵੀ ਸਰਕਾਰ ਨਾਲ ਹਨ। ਉਹ ਸਨੌਰ ਤੋਂ ਹੀ ਚੋਣ ਲੜਨਗੇ। ਪਾਰਟੀ ਬਾਰੇ ਪੁੱਛਣ 'ਤੇ ਉਨ੍ਹਾਂ ਦਾ ਤਰਕ ਸੀ ਕਿ ਉਹ ਅੱਜ ਵੀ 'ਆਪ' ਨਾਲ ਖੜ੍ਹੇ ਹਨ, ਇਸ ਲਈ ਸੁਭਾਵਿਕ ਹੈ ਕਿ ਚੋਣ ਵੀ ਉਸੇ ਵੱਲੋਂ ਲੜਨਗੇ। ਜੇ ਉਸ ਨੂੰ ਕੱਢ ਹੀ ਦਿੱਤਾ ਗਿਆ, ਤਾਂ ਉਹ ਜ਼ਰੂਰ ਕੋਈ ਹੋਰ ਰਾਹ ਲੱਭਣਗੇ, ਜੋ ਕਿਸੇ ਵੀ ਰਾਜਸੀ ਆਗੂ ਦਾ ਅਧਿਕਾਰ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਸਰਕਾਰ 'ਤੇ ਦਬਾਅ ਪਾਉਣ ਲਈ ਕਈ ਵਿਧਾਇਕਾਂ ਦਾ ਗਰੁੱਪ ਬਣਾ ਕੇ ਉਨ੍ਹਾਂ ਦੀ ਕਿਸੇ ਹੋਰ ਪਾਰਟੀ ਨਾਲ ਮੁਲਾਕਾਤ ਕਰਵਾਉਣ ਦੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ।
ਉਨ੍ਹਾਂ ਆਖਿਆ ਕਿ ਉਸ ਨੇ ਕਦੇ ਵੀ ਸਿਆਸੀ ਤੌਰ 'ਤੇ ਕਿਸੇ ਵੀ ਹੋਰ ਆਗੂ ਨਾਲ ਮੁਲਾਕਾਤ ਨਹੀਂ ਕੀਤੀ ਪਰ ਇਸ ਵਿਵਾਦ ਤੋਂ ਬਾਅਦ ਜ਼ਰੂਰ ਉਹ ਮਦਦ ਲਈ ਭਾਜਪਾ ਦੇ ਇੱਕ ਵੱਡੇ ਆਗੂ ਨੂੰ ਮਿਲੇ ਸਨ ਪਰ ਇਹ ਕੋਈ ਸਿਆਸੀ ਮੀਟਿੰਗ ਨਹੀਂ ਸੀ। 'ਆਪ' ਸਰਕਾਰ ਦੇ ਰਾਜ ਵਿੱਚ ਦਰਜ ਹੋਏ ਕੇਸਾਂ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਰਕਾਰ ਦੀ ਮਰਜ਼ੀ ਸੀ ਪਰ ਇਸ ਨਾਲ ਉਨ੍ਹਾਂ ਨੂੰ ਆਪਣੇ-ਪਰਾਏ ਦੀ ਪਛਾਣ ਹੋ ਗਈ ਤੇ ਨਾਲੇ ਪੁਲੀਸ ਨੇ ਬਾਰੀਕੀ ਨਾਲ ਜਾਂਚ ਵੀ ਕਰ ਲਈ, ਜਿਸ ਤੋਂ ਇਹ ਤਾਂ ਸਪੱਸ਼ਟ ਹੋ ਗਿਆ ਕਿ ਉਨ੍ਹਾਂ ਨੇ ਕਦੇ ਵੀ ਭ੍ਰਿਸ਼ਟਾਚਾਰ ਨਹੀਂ ਕੀਤਾ।

ਫੁੱਫੜ ਤਾਂ ਫੁੱਫੜ ਹੀ ਰਹੂ…
ਪਠਾਣਮਾਜਰਾ ਨੇ ਕਿਹਾ, ''ਫੁੱਫੜ ਤਾਂ ਫੁੱਫੜ ਹੀ ਰਹੂ, ਸਿਆਸਤ ਕਰ ਕੇ ਰਿਸ਼ਤੇਦਾਰੀ ਨਹੀਂ ਬਦਲਣ ਲੱਗੀ''। ਜੇਲ੍ਹ ਤੋਂ ਪਰਤਣ ਮਗਰੋਂ ਮੁੱਖ ਮੰਤਰੀ ਨਿਵਾਸ ਤੋਂ ਸੱਦਾ ਨਾ ਆਉਣ ਉਨ੍ਹਾਂ ਕਿਹਾ, ''ਜੇਕਰ ਸੱਦਾ ਨਹੀਂ ਆਇਆ ਤਾਂ ਆ ਜਾਵੇਗਾ, ਕਿਉਂਕਿ ਰਾਜਨੀਤੀ ਕਰ ਕੇ ਕਦੇ ਰਿਸ਼ਤੇਦਾਰੀ ਨਹੀਂ ਬਦਲਦੀ, ਫੁੱਫੜ ਤਾਂ ਫੁੱਫੜ ਹੀ ਰਹੇਗਾ। ਜ਼ਿਕਰਯੋਗ ਹੈ ਕਿ ਜਿਵੇਂ ਪਹਿਲਾਂ ਪ੍ਰਚਾਰਿਆ ਜਾਂਦਾ ਰਿਹਾ ਹੈ ਉਸ ਮੁਤਾਬਿਕ ਪਠਾਣਮਾਜਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੇ ਰਿਸ਼ਤੇਦਾਰੀ 'ਚੋਂ ਫੁੱਫੜ ਲੱਗਦੇ ਹਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune