Dailyhunt

ਪਾਵਰਕੌਮ ਦਾ ਐੱਸ ਡੀ ਓ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਐੱਸ ਡੀ ਓ ਹਰਦੀਪ ਸਿੰਘ ਨੂੰ ਇੱਕ ਖਪਤਕਾਰ ਤੋਂ ਉਸ ਦੀ ਦੋ ਮੰਜ਼ਿਲਾ ਇਮਾਰਤ ਵਿੱਚ ਦੋ ਮੀਟਰਾਂ ਰਾਹੀਂ ਬਿਜਲੀ ਦੀ ਵਰਤੋਂ ਜਾਰੀ ਰੱਖਣ ਦੀ ਆਗਿਆ ਦੇਣ ਲਈ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਸਬ-ਡਿਵੀਜ਼ਨ ਕੁੱਪ ਵਿੱਚ ਤਾਇਨਾਤ ਹਰਦੀਪ ਸਿੰਘ ਨੂੰ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਵਾਲੀ ਵਿਜੀਲੈਂਸ ਟੀਮ ਨੇ ਵੀਰਵਾਰ ਦੁਪਹਿਰ ਬਾਅਦ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਲੇਰਕੋਟਲਾ ਜ਼ਿਲ੍ਹੇ ਦੇ ਭੋਗੀਵਾਲ ਪਿੰਡ ਦੇ ਜਗਜੀਤ ਸਿੰਘ ਨੇ ਦੋ ਮੰਜ਼ਿਲਾ ਮਕਾਨ ਵਿੱਚ ਦੋ ਮੀਟਰ ਲੱਗੇ ਹੋਣ ਨੂੰ ਗੈਰ-ਕਾਨੂੰਨੀ ਐਲਾਨਣ ਦਾ ਡਰ ਦੇ ਕੇ ਹਰਦੀਪ ਸਿੰਘ ਵੱਲੋਂ ਕਥਿਤ ਤੌਰ 'ਤੇ 10000 ਰੁਪਏ ਦੀ ਮੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ, ਭਾਵੇਂ ਕਿ ਇਹ ਦੋਵੇਂ ਮੀਟਰ ਦੋ ਵੱਖ-ਵੱਖ ਨਾਵਾਂ 'ਤੇ ਸਨ। ਬੀਤੇ ਸਮੇਂ ਦੌਰਾਨ ਮੁਲਜ਼ਮ ਨੇ ਕੁਨੈਕਸ਼ਨਾਂ ਨੂੰ ਗੈਰ-ਕਾਨੂੰਨੀ ਕਰਾਰ ਦੇਣ ਦੀ ਧਮਕੀ ਦਿੱਤੀ ਸੀ ਅਤੇ ਮੀਟਰਾਂ ਦੀ ਮੌਜੂਦਾ ਸਥਿਤੀ ਬਣਾ ਕੇ ਰੱਖਣ ਲਈ ਮੋਟੀ ਰਕਮ ਦੀ ਮੰਗ ਕੀਤੀ ਸੀ ਅਤੇ 10000 ਰੁਪਏ ਦੇਣ ਦੀ ਗੱਲ ਪੱਕੀ ਹੋ ਗਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਇੰਸਪੈਕਟਰ ਅਮਨਦੀਪ ਕੌਰ ਦੀ ਅਗਵਾਈ ਹੇਠ ਇੱਕ ਟੀਮ ਨੇ ਟਰੈਪ ਲਗਾਇਆ ਅਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦੇ ਹੋਏ ਮੁਲਜ਼ਮ ਨੂੰ ਕਾਬੂ ਕੀਤਾ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune