ਮ੍ਰਿਤਕ ਅੰਗ ਦਾਨ ਵਿੱਚ ਦੇਸ਼ ਦੀ ਸਭ ਤੋਂ ਮੋਹਰੀ ਸੰਸਥਾ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕਰਦੇ ਹੋਏ, ਰੋਟੋ ਨੌਰਥ, ਪੀ ਜੀ ਆਈ ਐੱਮ ਆਰ ਚੰਡੀਗੜ੍ਹ ਨੇ ਲਗਾਤਾਰ ਤੀਜੇ ਸਾਲ ਲਈ ਸਰਵੋਤਮ ਖੇਤਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਰੋਟੋ) ਲਈ ਵੱਕਾਰੀ ਕੌਮੀ ਪੁਰਸਕਾਰ ਜਿੱਤ ਕੇ ਇਤਿਹਾਸ ਰਚਿਆ ਹੈ। ਸੰਸਥਾ ਨੇ ਸ਼ਾਨਦਾਰ ਹੈਟ੍ਰਿਕ ਮਾਰਦਿਆਂ ਸਾਲ 2019 ਵਿੱਚ ਪੁਰਸਕਾਰ ਦੀ ਸ਼ੁਰੂਆਤ ਤੋਂ ਬਾਅਦ ਆਪਣਾ ਚੌਥਾ ਸਮੁੱਚਾ ਕੌਮੀ ਖ਼ਿਤਾਬ ਪ੍ਰਾਪਤ ਕੀਤਾ।
ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੌਮੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (ਨੋਟੋ) ਦੀ ਅਗਵਾਈ ਹੇਠ ਇਹ ਸਨਮਾਨ ਡਾ. ਬੀ ਆਰ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਨਵੀਂ ਦਿੱਲੀ ਵਿੱਚ ਕਰਵਾਏ 16ਵੇਂ ਭਾਰਤੀ ਅੰਗ ਦਾਨ ਦਿਵਸ ਸਮਾਰੋਹ ਦੌਰਾਨ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਵੱਲੋਂ ਦਿੱਤਾ ਗਿਆ। ਕੇਂਦਰੀ ਮੰਤਰੀ ਨੇ ਪੁਰਸਕਾਰ ਜੇਤੂ ਸੰਸਥਾਵਾਂ ਨੂੰ ਭਾਰਤ ਦੇ ਅੰਗ ਦਾਨ ਅੰਦੋਲਨ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿੱਚ ਨੈਤਿਕ, ਪਾਰਦਰਸ਼ੀ ਅਤੇ ਬਰਾਬਰ ਅੰਗ ਟ੍ਰਾਂਸਪਲਾਂਟੇਸ਼ਨ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵਧਾਈ ਦਿੱਤੀ।
ਇਹ ਪੁਰਸਕਾਰ ਪੀ ਜੀ ਆਈ ਐੱਮ ਈ ਆਰ ਵੱਲੋਂ ਪ੍ਰੋ. ਵਿਵੇਕ ਲਾਲ ਡਾਇਰੈਕਟਰ ਦੀ ਅਗਵਾਈ ਵਾਲੇ ਵਫ਼ਦ (ਡਾ.) ਅਸ਼ੋਕ ਕੁਮਾਰ, ਪ੍ਰੋ. ਧੀਰਜ ਖੁਰਾਨਾ ਪ੍ਰੋ. ਹੇਮੰਤ ਭਗਤ, ਡਾ. ਵਿਜੇ ਤਾਡੀਆ ਅਤੇ ਸਰਯੂ ਡੀ. ਮਦਰਾ ਨੇ ਪ੍ਰਾਪਤ ਕੀਤਾ।
ਪ੍ਰੋ. ਵਿਵੇਕ ਲਾਲ ਕਿਹਾ ਕਿ ਲਗਾਤਾਰ ਤੀਜੇ ਸਾਲ ਇਸ ਵੱਕਾਰੀ ਕੌਮੀ ਮਾਨਤਾ ਨੂੰ ਪ੍ਰਾਪਤ ਕਰਨਾ ਪੂਰੇ ਪੀ ਜੀ ਆਈ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਇਹ ਉਨ੍ਹਾਂ ਦਾਨੀ ਪਰਿਵਾਰਾਂ ਨੂੰ ਸ਼ਰਧਾਂਜਲੀ ਵੀ ਹੈ ਜਿਨ੍ਹਾਂ ਦੀ ਅਸਾਧਾਰਨ ਹਿੰਮਤ ਅਤੇ ਉਦਾਰਤਾ ਲਗਾਤਾਰ ਨੁਕਸਾਨ ਨੂੰ ਉਮੀਦ ਵਿੱਚ ਬਦਲਦੀ ਰਹਿੰਦੀ ਹੈ ਅਤੇ ਅਣਗਿਣਤ ਜਾਨਾਂ ਬਚਾਉਂਦੀ ਹੈ।
