Dailyhunt

ਫੱਤੂਢੀਂਗਾ 'ਚ ਬਲਾਕ ਸਮਿਤੀ ਦੀ ਚੋਣ ਦੌਰਾਨ ਗੋਲੀ ਚੱਲੀ

ਪੂਰਥਲਾ ਜ਼ਿਲ੍ਹੇ ਦੇ ਫੱਤੂਢੀਂਗਾ ਵਿੱਚ ਅੱਜ ਬਲਾਕ ਸਮਿਤੀ ਦੇ ਚੇਅਰਮੈਨ ਦੀ ਚੋਣ ਮੌਕੇ ਗੋਲੀ ਚੱਲਣ ਕਾਰਨ ਦਹਿਸ਼ਤ ਫ਼ੈਲ ਗਈ ਅਤੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ। ਸੁਲਤਾਨਪੁਰ ਲੋਧੀ ਅਧੀਨ ਆਉਂਦੀ ਇਸ ਸਮਿਤੀ ਦੇ 15 ਮੈਂਬਰਾਂ ਦੀ ਚੋਣ ਦੌਰਾਨ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਸੱਤਾਧਾਰੀ ਧਿਰ 'ਆਪ' ਦੇ ਆਗੂਆਂ ਵਿਚਾਲੇ ਸਥਿਤੀ ਤਣਾਅਪੂਰਨ ਬਣ ਗਈ, ਜਿਸ ਕਾਰਨ ਪ੍ਰਸ਼ਾਸਨ ਨੂੰ ਚੋਣ ਰੱਦ ਕਰਨੀ ਪਈ।

ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕਰਕੇ ਇਹ ਚੋਣ ਨਿਰਪੱਖ ਢੰਗ ਨਾਲ ਕਰਵਾਉਣ ਦੀ ਮੰਗ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ 2 ਅਪਰੈਲ ਨੂੰ ਹੋਣੀ ਸੀ ਪਰ ਪ੍ਰਸ਼ਾਸਨ ਨੇ ਅਚਾਨਕ ਅੱਜ ਹੀ ਚੋਣ ਕਰਵਾਉਣ ਦਾ ਫ਼ੈਸਲਾ ਕੀਤਾ, ਜਿਸ ਕਾਰਨ ਮਾਹੌਲ ਗਰਮਾ ਗਿਆ। ਰਾਣਾ ਇੰਦਰਪ੍ਰਤਾਪ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਨੇ ਉਨ੍ਹਾਂ ਦੇ ਮੈਂਬਰਾਂ ਦਾ ਰਸਤਾ ਰੋਕਿਆ ਅਤੇ ਗੋਲੀ ਚਲਾਈ।
ਇਸ ਦੌਰਾਨ ਦੂਜੇ ਪਾਸੇ 'ਆਪ' ਆਗੂ ਸੱਜਣ ਸਿੰਘ ਚੀਮਾ ਨੇ ਦੋਸ਼ ਨਕਾਰਦਿਆਂ ਕਿਹਾ ਕਿ ਗੋਲੀ ਰਾਣਾ ਧੜੇ ਵੱਲੋਂ ਚਲਾਈ ਗਈ ਹੈ। ਇਸ ਦੌਰਾਨ ਹੰਗਾਮੇ ਨੂੰ ਦੇਖਦਿਆਂ ਐੱਸ ਡੀ ਐੱਮ ਨੇ ਚੋਣ ਪ੍ਰਕਿਰਿਆ ਤੁਰੰਤ ਰੋਕ ਦਿੱਤੀ। ਐੱਸ ਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਤੱਥ ਸਾਹਮਣੇ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ।

ਹਾਈ ਕੋਰਟ ਵੱਲੋਂ 4 ਨੂੰ ਡੀ ਸੀ ਦਫ਼ਤਰ 'ਚ ਚੋਣ ਕਰਵਾਉਣ ਦੇ ਹੁਕਮ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਰਾਣਾ ਧੜੇ ਨੇ ਅੱਜ ਮੁੜ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿਸ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਚੋਣ 4 ਅਪਰੈਲ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਕਰਵਾਉਣ ਦਾ ਹੁਕਮ ਦਿੱਤਾ ਹੈ। ਪ੍ਰਕਿਰਿਆ ਦੀ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਾਈ ਕੋਰਟ ਦਾ ਨੁਮਾਇੰਦਾ ਵੀ ਮੌਕੇ 'ਤੇ ਮੌਜੂਦ ਰਹੇਗਾ।

ਧੱਕਾ-ਮੁੱਕੀ ਦੌਰਾਨ ਪੱਗ ਲੱਥੀ
ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਦੋਸ਼ ਲਾਇਆ ਕਿ 'ਆਪ' ਆਗੂਆਂ ਵੱਲੋਂ ਉਨ੍ਹਾਂ ਦੇ ਕੁਝ ਮੈਂਬਰਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਹੋਈ ਖਿੱਚ-ਧੂਹ ਅਤੇ ਧੱਕਾ-ਮੁੱਕੀ ਦੌਰਾਨ ਉਨ੍ਹਾਂ ਦੇ ਇੱਕ ਮੈਂਬਰ ਦੀ ਪੱਗ ਵੀ ਲੱਥ ਗਈ। ਵਿਧਾਇਕ ਅਨੁਸਾਰ ਇਸ ਟਕਰਾਅ ਦੌਰਾਨ ਕੁਝ ਲੋਕ ਲਾਗਲੇ ਖੇਤਾਂ ਅਤੇ ਮੋਟਰਸਾਈਕਲਾਂ 'ਤੇ ਜਾ ਡਿੱਗੇ, ਜਿਸ ਕਾਰਨ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। 'ਆਪ' ਪੂਰੇ ਪੰਜਾਬ ਵਿੱਚ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਪੁਲੀਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਮੌਕੇ 'ਤੇ ਮੌਜੂਦ ਡੀ ਐੱਸ ਪੀ ਨੂੰ ਗੋਲੀ ਚੱਲਣ ਦੀ ਆਵਾਜ਼ ਤੱਕ ਸੁਣਾਈ ਨਹੀਂ ਦਿੱਤੀ, ਜਿਸ ਤੋਂ ਪੁਲੀਸ ਦੀ ਨਾਕਾਮੀ ਸਾਫ਼ ਝਲਕਦੀ ਹੈ। ਦੂਜੇ ਪਾਸੇ 'ਆਪ' ਆਗੂ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਕੋਈ ਧੱਕੇਸ਼ਾਹੀ ਨਹੀਂ ਕੀਤੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune