ਬੀ ਐੱਸ ਐਫ ਤੇ ਪੁਲੀਸ ਨੇ ਅੱਜ ਦੇਰ ਸ਼ਾਮ ਥਾਣਾ ਖਾਲੜਾ ਦੇ ਪਿੰਡ ਡਲੀਰੀ ਦੇ ਖੇਤਾਂ ਵਿੱਚ ਪਾਕਿਸਤਾਨੀ ਡਰੋਨ ਤੇ ਇੱਕ ਵਿਦੇਸ਼ੀ ਪਿਸਤੌਲ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਦੇ ਏ ਐੱਸ ਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਬੀ ਐੱਸ ਐਫ ਦੀ ਸੂਚਨਾ 'ਤੇ ਕਾਰਵਾਈ ਕਰਦਿਆਂ ਪਿੰਡ ਡਲੀਰੀ ਦੇ ਖੇਤਾਂ ਵਿੱਚੋਂ ਪਾਕਿਸਤਾਨੀ ਡਰੋਨ ਨੂੰ ਵਿਦੇਸ਼ੀ ਪਿਸਤੌਲ ਸਮੇਤ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਬਰਾਮਦ ਪਿਸਤੌਲ ਨੂੰ ਇੱਕ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ।
ਇਸ ਨੂੰ ਖੋਲ੍ਹਣ 'ਤੇ ਉਸ ਵਿੱਚੋਂ 30 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
