ਪਾਵਰਕੌਮ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਅੱਡਾ ਦਾਖਾ ਇਕਾਈ ਦੀ ਮਹੀਨਾਵਾਰ ਅਹਿਮ ਮੀਟਿੰਗ ਪ੍ਰਧਾਨ ਹਰਦਿਆਲ ਸਿੰਘ ਘੁਮਾਣ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਨੇ ਪਿਛਲੇ ਕੰਮਾਂ ਦੀ ਸਮੀਖਿਆ ਕੀਤੀ ਅਤੇ 17 ਜੁਲਾਈ ਨੂੰ ਮੁਹਾਲੀ ਵਿੱਚ ਕੀਤੀ ਜਾ ਰਹੀ ਪੰਜਾਬ ਪੱਧਰੀ ਸਾਂਝੀ ਰੈਲੀ ਦੀ ਖੁੱਲ੍ਹ ਕੇ ਹਮਾਇਤ ਕਰਦਿਆਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਜਥੇਬੰਦੀ ਦੇ ਸਕੱਤਰ ਦਰਸ਼ਨ ਸਿੰਘ ਦਾਖਾ ਨੇ ਪਾਵਰਕੌਮ ਦੇ ਐਕਸੀਅਨ ਦੀ ਕਾਰਜਪ੍ਰਣਾਲੀ ਖ਼ਿਲਾਫ਼ ਰੋਸ ਜ਼ਾਹਰ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਪੈਨਸ਼ਨਰਾਂ ਦੇ ਕੰਮ ਟਾਲ-ਮਟੋਲ ਦੀ ਨੀਤੀ ਕਾਰਨ ਲਮਕਾ ਕੇ ਰੱਖੇ ਹੋਏ ਹਨ, ਜਿਸ ਕਰ ਕੇ ਬਜ਼ੁਰਗ ਪੈਨਸ਼ਨਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਜ਼ੁਰਗਾਂ ਦੇ ਮੈਡੀਕਲ ਬਿੱਲਾਂ ਸਮੇਤ ਕਈ ਅਹਿਮ ਕੰਮ ਜਿਉਂ ਦੇ ਤਿਉਂ ਪਏ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਅਧਿਕਾਰੀ ਵੱਲੋਂ ਨਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਨਾ ਹੀ ਮੰਨੀਆਂ ਮੰਗਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਮੁਲਾਜ਼ਮ ਆਗੂਆਂ ਨੇ ਐਕਸੀਅਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇੱਕ ਹਫ਼ਤੇ ਦੇ ਅੰਦਰ-ਅੰਦਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਦੌਰਾਨ ਬਲਵੀਰ ਸਿੰਘ ਮਾਨ ਦੀ ਅਗਵਾਈ ਹੇਠ ਪੈਨਸ਼ਨਰਾਂ ਨੇ ਐਕਸੀਅਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਅਤੇ ਫੌਰੀ ਮੰਗਾਂ ਦੇ ਨਿਬੇੜੇ 'ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਜਸਮੇਲ ਸਿੰਘ ਮੋਹੀ, ਸੁਖਦੇਵ ਸਿੰਘ ਅੱਬੂਵਾਲ, ਦਲਜੀਤ ਸਿੰਘ ਕੁਲਾਰ, ਰਵਿੰਦਰ ਸਿੰਘ ਭੱਠਲ, ਸਤਪਾਲ ਸਿੰਘ ਭਨੋਹੜ, ਭਜਨ ਸਿੰਘ ਖੰਡੂਰ, ਮਲਕੀਤ ਸਿੰਘ ਚਚਰਾੜੀ, ਹੰਸ ਰਾਜ ਜੰਮੂ, ਰਮੇਸ਼ ਭੱਟੀ ਅਤੇ ਦਰਬਾਰਾ ਸਿੰਘ ਲਲਤੋਂ ਸਮੇਤ ਕਈ ਆਗੂ ਹਾਜ਼ਰ ਸਨ।
