ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਭਿਆਚਾਰਕ ਵਿਰਾਸਤ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਵੱਖ-ਵੱਖ ਭੂਗੋਲਿਕ ਖੇਤਰਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ। ਉਨ੍ਹਾਂ ਪ੍ਰੰਬਾਨਨ ਮੰਦਰ ਕੰਪਲੈਕਸ ਦੀ ਵਿਸ਼ਾਲ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਇੰਡੋਨੇਸ਼ੀਆ ਅਤੇ ਉੱਥੋਂ ਦੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨਾਲ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ 'ਚ ਸ਼ਾਮਲ ਇਤਿਹਾਸਕ ਸਥਾਨ ਦਾ ਦੌਰਾ ਕਰਨ ਮੌਕੇ ਮੋਦੀ ਨੇ ਕਿਹਾ ਕਿ ਇਸ ਮੰਦਰ ਕੰਪਲੈਕਸ ਲਈ ਸਾਂਝੇ ਸੁਰੱਖਿਆ ਪ੍ਰਾਜੈਕਟ ਦੇ ਉਦਘਾਟਨ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਇਸ ਦੌਰੇ ਦੌਰਾਨ ਦੋਵੇਂ ਆਗੂਆਂ ਵਿਚਾਲੇ ਨਿੱਘੀ ਸਾਂਝ ਦੇਖਣ ਨੂੰ ਮਿਲੀ। ਮੋਦੀ ਨੇ ਰਾਸ਼ਟਰਪਤੀ ਪ੍ਰਬੋਵੋ ਨੂੰ ਆਪਣਾ ਮਿੱਤਰ ਦੱਸਦਿਆਂ ਕਿਹਾ, ''ਜਿਸ ਤਰ੍ਹਾਂ ਇੰਡੋਨੇਸ਼ੀਆ ਦੇ ਲੋਕਾਂ ਅਤੇ ਸ਼ਾਸਕਾਂ ਨੇ ਪਿਛਲੇ 1200 ਸਾਲਾਂ ਤੋਂ ਇਸ ਸ਼ਾਨਦਾਰ ਵਿਰਾਸਤ ਨੂੰ ਪੂਰੀ ਸ਼ਰਧਾ ਅਤੇ ਆਸਥਾ ਨਾਲ ਸੁਰੱਖਿਅਤ ਰੱਖਿਆ ਹੈ, ਉਹ ਸ਼ਲਾਘਾਯੋਗ ਹੈ।'' ਉਨ੍ਹਾਂ ਕਿਹਾ ਕਿ ਇੱਥੋਂ ਦੀ ਹਵਾ 'ਚ ਸੱਭਿਆਚਾਰ ਦੀ ਜੋ ਖੁਸ਼ਬੂ ਹੈ, ਉਹੀ ਖੁਸ਼ਬੂ ਭਾਰਤ ਦੀ ਮਿੱਟੀ ਵਿੱਚ ਵੀ ਮਹਿਸੂਸ ਹੁੰਦੀ ਹੈ। ਦੱਸਣਯੋਗ ਹੈ ਕਿ 10ਵੀਂ ਸਦੀ 'ਚ ਬਣਿਆ ਇਹ ਸਦੀਆਂ ਪੁਰਾਣਾ ਮੰਦਰ ਇੰਡੋਨੇਸ਼ੀਆ ਦਾ ਸਭ ਤੋਂ ਵੱਡਾ ਹਿੰਦੂ ਮੰਦਰ ਮੰਨਿਆ ਜਾਂਦਾ ਹੈ। ਭਾਰਤ ਦੀ ਮਦਦ ਨਾਲ ਇਸ ਦੀ ਸੁਰੱਖਿਆ ਅਤੇ ਨਵੀਨੀਕਰਨ ਦੇ ਕੰਮ ਲਈ ਦੋਵੇਂ ਮੁਲਕਾਂ ਵਿਚਾਲੇ ਸਹਿਮਤੀ ਬਣੀ ਹੈ, ਜਿਸ ਦੀ ਇੱਕ ਪੱਟੀ ਦਾ ਵੀ ਉਦਘਾਟਨ ਕੀਤਾ ਗਿਆ। ਮੋਦੀ ਨੇ ਭਰੋਸਾ ਜਤਾਇਆ ਕਿ ਇਸ ਪ੍ਰਾਜੈਕਟ ਤੋਂ ਬਾਅਦ ਭਾਰਤੀ ਸੈਲਾਨੀ ਵੱਡੀ ਗਿਣਤੀ 'ਚ ਇੱਥੇ ਆਉਣਗੇ। ਪ੍ਰਧਾਨ ਮੰਤਰੀ ਮੋਦੀ ਆਪਣੇ ਤਿੰਨ ਮੁਲਕਾਂ (ਇੰਡੋਨੇਸ਼ੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ) ਦੇ ਦੌਰੇ ਦੇ ਪਹਿਲੇ ਪੜਾਅ ਤਹਿਤ ਜਕਾਰਤਾ ਪਹੁੰਚੇ ਸਨ।
ਆਸਟਰੇਲੀਆ ਪੁੱਜੇ ਪ੍ਰਧਾਨ ਮੰਤਰੀ ਮੋਦੀ
ਮੈਲਬਰਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਤਿੰਨ ਮੁਲਕਾਂ ਦੇ ਦੌਰੇ ਦੇ ਦੂਜੇ ਪੜਾਅ ਤਹਿਤ ਅੱਜ ਆਸਟਰੇਲੀਆ ਪਹੁੰਚ ਗਏ ਹਨ। ਇਸ ਦੌਰੇ ਦੌਰਾਨ ਉਹ ਆਪਣੇ ਆਸਟਰੇਲਿਆਈ ਹਮਰੁਤਬਾ ਐਂਥਨੀ ਅਲਬਨੀਜ਼ ਨਾਲ ਦੁਵੱਲੀ ਗੱਲਬਾਤ ਅਤੇ ਉੱਥੇ ਮੌਜੂਦ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' 'ਤੇ ਲਿਖਿਆ, ''ਮੈਲਬਰਨ ਪਹੁੰਚ ਗਿਆ ਹਾਂ। ਇਹ ਦੌਰਾ ਭਾਰਤ-ਆਸਟਰੇਲੀਆ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ।'' ਉਨ੍ਹਾਂ ਕਿਹਾ ਕਿ ਉਹ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨ ਲਈ ਉਤਸ਼ਾਹਿਤ ਹਨ, ਜੋ ਦੋਵੇਂ ਮੁਲਕਾਂ ਦੇ ਸਬੰਧਾਂ ਦਾ ਅਹਿਮ ਹਿੱਸਾ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਦੱਸਿਆ ਕਿ ਮੋਦੀ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਤੀਜੇ ਸਾਲਾਨਾ ਸੰਮੇਲਨ ਦੀ ਸਹਿ-ਪ੍ਰਧਾਨਗੀ ਕਰਨਗੇ ਅਤੇ ਆਪਸੀ ਹਿੱਤਾਂ ਦੇ ਸਾਰੇ ਖੇਤਰਾਂ 'ਚ ਸਬੰਧ ਹੋਰ ਗੂੜ੍ਹਾ ਕਰਨਗੇ।
