ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਸ਼ਾਹਬਾਦ ਦੇ ਪਿੰਡ ਕਾਕੜਾ ਵਿਚ ਤਕਰੀਬਨ 5.5 ਏਕੜ ਵਿੱਚ ਬਣੀ ਗ਼ੈਰ-ਕਾਨੂੰਨੀ ਕਲੋਨੀ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ ਜੋ ਕਿ ਮਾਲੀਆ ਜਾਇਦਾਦ ਹੈ। ਡਿਊਟੀ ਮੈਜਿਸਟਰੇਟ ਦੀ ਅਗਵਾਈ ਹੇਠ ਜ਼ਿਲ੍ਹਾ ਯੋਜਨਾਕਾਰ ਦੀ ਟੀਮ ਤੇ ਪੁਲੀਸ ਫੋਰਸ ਨੇ ਮਿਲ ਕੇ ਸ਼ਾਹਬਾਦ ਦੇ ਪਿੰਡ ਕਾਕੜਾ ਵਿਚ ਤਕਰੀਬਨ 5.5 ਏਕੜ ਵਿਚ ਫੈਲੀ ਗ਼ੈਰ-ਕਾਨੂੰਨੀ ਕਲੋਨੀ ਵਿਚ ਸੀਵਰੇਜ, ਡੀ ਪੀ ਸੀ ਦੀ ਗ਼ੈਰ-ਕਾਨੂੰਨੀ ਉਸਾਰੀ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ।
ਜ਼ਿਲ੍ਹਾ ਯੋਜਨਾਕਾਰ ਨਵੀਨ ਕੁਮਾਰ ਦੀ ਰਿਪੋਰਟ ਅਨੁਸਾਰ ਰੈਵੇਨਿਊ ਅਸਟੇਟ ਸ਼ਾਹਬਾਦ ਦਾ ਕਾਕੜਾ ਪਿੰਡ ਵਿਚ ਤਕਰੀਬਨ 5.5 ਏਕੜ ਜ਼ਮੀਨ 'ਚ ਗ਼ੈਰ-ਕਾਨੂੰਨੀ ਕਲੋਨੀ ਬਨਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਵਿਭਾਗ ਨੇ ਜ਼ਮੀਨ ਮਾਲਕਾਂ ਤੇ ਪ੍ਰਾਪਰਟੀ ਡੀਲਰਾਂ ਨੂੰ ਨੋਟਿਸ ਜਾਰੀ ਕੀਤੇ ਸਨ ਅਤੇ ਉਨ੍ਹਾਂ ਨੂੰ ਜ਼ਰੂਰੀ ਇਜਾਜ਼ਤ ਲੈਣ ਦੇ ਹੁਕਮ ਦਿੱਤੇ ਸਨ ਪਰ ਜ਼ਮੀਨ ਮਾਲਕਾਂ ਤੇ ਡੀਲਰਾਂ ਨੇ ਨਾ ਤਾਂ ਗ਼ੈਰ ਕਾਨੂੰਨੀ ਕਲੋਨੀ ਵਿੱਚ ਹੋ ਰਹੀ ਉਸਾਰੀ ਰੋਕੀ ਤੇ ਨਾ ਹੀ ਵਿਭਾਗ ਤੋਂ ਲੋੜੀਂਦੀ ਇਜਾਜ਼ਤ ਲਈ। ਇਸ 'ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਟਾਊਨ ਪਲਾਨਰ ਵਿਭਾਗ ਨੇ ਇਸ ਗ਼ੈਰ ਕਾਨੂੰਨੀ ਕਲੋਨੀ ਵਿਚ ਹੋ ਰਹੀ ਉਸਾਰੀ ਨੂੰ ਢਾਹ ਦਿੱਤਾ। ਉਨ੍ਹਾਂ ਲੋਕਾਂ ਨੂੰ ਗ਼ੈਰ-ਕਾਨੂੰਨੀ ਕਲੋਨੀਆਂ 'ਚ ਖਰੀਦੋ ਫਰੋਖ਼ਤ ਤੋਂ ਬਚਣ ਦੀ ਸਲਾਹ ਦਿੱਤੀ ਹੈ।
