ਕਾਲਰਾ ਨੇੜੇ ਬਿਸਤ ਦੋਆਬ ਨਹਿਰ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਾਉਂਦਿਆਂ ਪਰਿਵਾਰਕ ਮੈਂਬਰਾਂ ਨੇ ਥਾਣਾ ਆਦਮਪੁਰ ਅੱਗੇ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਜਾਮ ਕਰ ਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ। ਪਿੰਡ ਤਾਰਾਗੜ੍ਹ ਦੇ ਮ੍ਰਿਤਕ ਮਨਪ੍ਰੀਤ ਸਿੰਘ (33) ਦੇ ਚਾਚਾ ਅਮਰਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਮਨਪ੍ਰੀਤ 28-29 ਜੂਨ ਦੀ ਰਾਤ ਨੂੰ ਐਕਟਿਵਾ ਸਮੇਤ ਲਾਪਤਾ ਹੋ ਗਿਆ ਸੀ।
ਲੰਘੀ 30 ਜੂਨ ਨੂੰ ਉਸ ਦੀ ਐਕਟਿਵਾ ਥਾਣਾ ਮੇਹਟੀਆਣਾ ਦੇ ਇਲਾਕੇ ਵਿੱਚੋਂ ਮਿਲੀ। ਜਦੋਂ ਪਰਿਵਾਰ ਨੇ ਨਹਿਰ ਦੇ ਨਾਲ-ਨਾਲ ਭਾਲ ਸ਼ੁਰੂ ਕੀਤੀ ਤਾਂ ਪਿੰਡ ਕਾਲਰਾ ਨੇੜੇ ਮਨਪ੍ਰੀਤ ਦੀ ਲਾਸ਼ ਪਾਣੀ ਵਿੱਚੋਂ ਮਿਲੀ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਸੂਚਨਾ ਦੇਣ ਦੇ ਦੋ ਘੰਟੇ ਬਾਅਦ ਆਦਮਪੁਰ ਪੁਲੀਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਖੁਰਦਪੁਰ ਮੁਰਦਾਘਰ ਵਿੱਚ ਰੱਖਣ ਤੋਂ ਬਾਅਦ ਕੋਈ ਜਾਂਚ ਸ਼ੁਰੂ ਨਹੀਂ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਜਾਮ ਲਾਉਣਾ ਪਿਆ। ਦੂਜੇ ਪਾਸੇ ਜਾਮ ਦੀ ਸੂਚਨਾ ਮਿਲਦਿਆਂ ਹੀ ਡੀ ਐੱਸ ਪੀ ਰਾਜੀਵ ਕੁਮਾਰ ਅਤੇ ਐੱਸ ਐੱਚ ਓ ਪੰਕਜ ਕੁਮਾਰ ਮੌਕੇ 'ਤੇ ਪਹੁੰਚੇ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਮ੍ਰਿਤਕ ਦੇ ਮੋਬਾਈਲ ਦੀ ਕਾਲ ਡਿਟੇਲ ਮਿਲ ਚੁੱਕੀ ਹੈ ਅਤੇ ਸ਼ੱਕੀ ਵਿਅਕਤੀਆਂ ਕੋਲੋਂ ਪੁੱਛ-ਪੜਤਾਲ ਕਰ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦੇਣ 'ਤੇ ਪਰਿਵਾਰ ਨੇ ਧਰਨਾ ਚੁੱਕਿਆ ਅਤੇ ਹਾਈਵੇਅ 'ਤੇ ਆਵਾਜਾਈ ਮੁੜ ਬਹਾਲ ਹੋਈ।
