Dailyhunt Logo
  • Light mode
    Follow system
    Dark mode
    • Play Story
    • App Story

PSPCL: ਥਰਮਲਾਂ ਦੇ ਆਊਟਸੋਰਸਡ ਕਾਮੇ ਕੰਟਰੈਕਟ 'ਤੇ ਕਰਨ ਦਾ ਫ਼ੈਸਲਾ

ਪਾਵਰਕੌਮ ਨੇ ਤਾਪ ਬਿਜਲੀ ਘਰਾਂ 'ਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਆਊਟਸੋਰਸਡ ਕਾਮਿਆਂ ਨੂੰ ਕੰਟਰੈਕਟ ਪ੍ਰਣਾਲੀ 'ਚ ਲਿਆਉਣ ਦਾ ਫ਼ੈਸਲਾ ਲਿਆ ਹੈ। ਤਾਪ ਬਿਜਲੀ ਘਰਾਂ ਦੇ ਆਊਟਸੋਰਸਡ ਕਾਮੇ ਇਸ ਵੇਲੇ ਹੜਤਾਲ 'ਤੇ ਸਨ, ਜਿਸ ਕਰ ਕੇ ਥਰਮਲਾਂ 'ਚ ਤਕਨੀਕੀ ਅੜਚਣਾਂ ਪੈਦਾ ਹੋ ਰਹੀਆਂ ਸਨ। ਪਾਵਰਕੌਮ ਨੇ ਲੰਘੇ ਕੱਲ੍ਹ ਇਨ੍ਹਾਂ ਕਾਮਿਆਂ ਨੂੰ ਪਾਵਰਕੌਮ 'ਚ ਸਿੱਧੇ ਕੰਟਰੈਕਟ 'ਤੇ ਲਿਆਉਣ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।
ਆਊਟਸੋਰਸਡ ਕਾਮਿਆਂ ਦੀ ਯੂਨੀਅਨ ਨੇ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਹੜਤਾਲ ਸਮਾਪਤ ਕਰ ਦਿੱਤੀ ਹੈ।ਪਾਵਰਕੌਮ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਚਾਰ ਕੈਟਾਗਰੀ ਦੇ ਇਨ੍ਹਾਂ ਕਾਮਿਆਂ 'ਚੋਂ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਾਮਿਆਂ ਨੂੰ ਠੇਕਾ ਪ੍ਰਣਾਲੀ 'ਚ ਲਿਆ ਜਾਣਾ ਹੈ, ਜਦੋਂ ਕਿ ਬਾਕੀਆਂ ਨੂੰ ਤਿੰਨ ਸਾਲ ਦਾ ਸਮਾਂ ਪੂਰੇ ਹੋਣ ਮਗਰੋਂ ਕੰਟਰੈਕਟ 'ਤੇ ਕੀਤਾ ਜਾਵੇਗਾ। ਪਹਿਲਾਂ ਇਹ ਕਾਮੇ ਪ੍ਰਾਈਵੇਟ ਠੇਕੇਦਾਰ ਅਧੀਨ ਕੰਮ ਕਰਦੇ ਸਨ। ਹੁਣ ਸਿੱਧੀ ਠੇਕਾ ਪ੍ਰਣਾਲੀ ਅਧੀਨ ਆਉਣ ਮਗਰੋਂ ਇਨ੍ਹਾਂ ਨੂੰ ਠੇਕੇਦਾਰ ਦਾ ਮਾਰਜਿਨ, ਜੀ ਐੱਸ ਟੀ ਦੀ ਬੱਚਤ ਹੋਣ ਵਾਲਾ ਵਾਧੂ ਲਾਭ ਅਤੇ ਗਰੈਚੁਟੀ ਆਦਿ ਫ਼ਾਇਦਾ ਵੀ ਮਿਲੇਗਾ।

ਪਾਵਰਕੌਮ ਦੇ ਇਸ ਫ਼ੈਸਲੇ ਦਾ ਕਰੀਬ 3500 ਆਊਟਸੋਰਸਡ ਕਾਮਿਆਂ ਨੂੰ ਲਾਭ ਮਿਲੇਗਾ। ਬਹੁਤੇ ਕਾਮੇ ਤਾਂ 1997 ਤੋਂ ਹੀ ਆਊਟਸੋਰਸ 'ਤੇ ਚੱਲੇ ਆ ਰਹੇ ਸਨ। ਪਾਵਰਕੌਮ ਨੇ ਇਸ ਤੋਂ ਪਹਿਲਾਂ ਫੀਲਡ 'ਚ ਕੰਮ ਕਰਦੇ ਆਊਟਸੋਰਸਡ ਕਾਮਿਆਂ ਨੂੰ ਠੇਕਾ ਪ੍ਰਣਾਲੀ ਅਧੀਨ ਲਿਆਉਣ ਦਾ ਫ਼ੈਸਲਾ ਕੀਤਾ ਸੀ ਪਰ ਤਾਪ ਬਿਜਲੀ ਘਰਾਂ ਦੇ ਆਊਟਸੋਰਸਡ ਕਾਮਿਆਂ ਨੂੰ ਇਸ ਦਾਇਰੇ 'ਚੋਂ ਬਾਹਰ ਰੱਖਿਆ ਗਿਆ ਸੀ, ਜਿਸ ਕਰ ਕੇ ਇਹ ਕਾਮੇ ਹੜਤਾਲ 'ਤੇ ਚਲੇ ਗਏ ਸਨ। ਇਨ੍ਹਾਂ ਕਾਮਿਆਂ ਦੀਆਂ ਯੂਨੀਅਨਾਂ ਦੇ ਆਗੂਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ 22 ਜੂਨ ਨੂੰ ਮੀਟਿੰਗ ਹੋਈ ਸੀ। ਵਿੱਤ ਮੰਤਰੀ ਚੀਮਾ ਨੇ ਉਸ ਮੀਟਿੰਗ 'ਚ ਇਨ੍ਹਾਂ ਨੂੰ 30 ਜੂਨ ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ।

ਲਹਿਰਾ ਮੁਹੱਬਤ ਥਰਮਲ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਨੇ ਕਿਹਾ ਕਿ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਲੰਮੇ ਅਰਸੇ ਤੋਂ ਚੱਲੀ ਆ ਰਹੀ ਮੰਗ ਮੰਨੀ ਗਈ ਹੈ। ਹੁਣ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune