ਮੁੱਖ ਮੰਤਰੀ ਮਾਵਾਂ ਅਤੇ ਧੀਆਂ ਸਤਿਕਾਰ ਯੋਜਨਾ ਅਧੀਨ ਵਿੱਤੀ ਲਾਭ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਦੌਰਾਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਹਿਤ ਸਰਟੀਫਿਕੇਟ ਬਣਵਾਉਣ ਵਾਲਿਆਂ ਦੀਆਂ ਸਵੇਰੇ 7 ਵਜੇ ਤੋਂ ਹੀ ਸੇਵਾ ਕੇਂਦਰਾਂ ਦੇ ਬਾਹਰ ਕਤਾਰਾਂ ਲੱਗ ਜਾਂਦੀਆਂ ਹਨ ਅਤੇ ਸਿਰਫ਼ ਇੱਕ ਟੋਕਨ ਪ੍ਰਾਪਤ ਕਰਨ ਲਈ ਦੋ ਤੋਂ ਤਿੰਨ ਘੰਟੇ ਖੜ੍ਹੇ ਰਹਿਣਾ ਪੈਂਦਾ ਹੈ।
ਤੇਜ਼ ਧੁੱਪ ਦੇ ਬਾਵਜੂਦ, ਔਰਤਾਂ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਚਿੰਤਤ ਰਹਿੰਦੀਆਂ ਹਨ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਸਥਿਤ ਸਭ ਤੋਂ ਵੱਡੇ ਟਾਈਪ-1 ਸੇਵਾ ਕੇਂਦਰ ਵਿੱਚ ਰੋਜ਼ਾਨਾ ਲਗਪਗ 5,000 ਔਰਤਾਂ ਪਹੁੰਚ ਰਹੀਆਂ ਹਨ, ਅਤੇ ਇਨ੍ਹਾਂ ਕੇਂਦਰਾਂ 'ਤੇ ਭੀੜ ਬੇਕਾਬੂ ਹੁੰਦੀ ਜਾ ਰਹੀ ਹੈ। ਔਰਤਾਂ ਨੂੰ ਘੰਟਿਆਂਬੱਧੀ ਕਤਾਰਾਂ ਵਿੱਚ ਇੰਤਜ਼ਾਰ ਕਰਨ ਤੋਂ ਬਾਅਦ ਹੀ ਟੋਕਨ ਨੰਬਰ ਦਿੱਤੇ ਜਾ ਰਹੇ ਹਨ। ਕੇਂਦਰ ਵਿੱਚ ਆਉਣ ਵਾਲੀਆਂ ਔਰਤਾਂ ਨੇ ਪ੍ਰਸ਼ਾਸਨ ਨੂੰ ਭਾਰੀ ਭੀੜ ਨੂੰ ਦੇਖਦੇ ਹੋਏ ਸਟਾਫ ਮੈਂਬਰਾਂ ਦੀ ਗਿਣਤੀ ਵਧਾਉਣ ਦੀ ਅਪੀਲ ਕੀਤੀ ਹੈ। ਰੀਮਾ ਆਪਣੀ ਮਾਂ ਹਰਜਿੰਦਰ ਨਾਲ ਸੇਵਾ ਕੇਂਦਰ ਪਹੁੰਚੀ। ਉਸ ਨੇ ਕਿਹਾ ਕਿ ਉਹ ਤਿੰਨ ਮਹੀਨਿਆਂ ਤੋਂ ਐੱਸ ਸੀ ਸਰਟੀਫਿਕੇਟ ਲਈ ਅਰਜ਼ੀ ਦੇ ਰਹੀ ਹੈ, ਪਰ ਅਰਜ਼ੀ ਵਾਰ-ਵਾਰ ਰੱਦ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਇਸ ਮੁੱਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨਾ ਚਾਹੀਦਾ ਹੈ।
ਈ-ਸੇਵਾ ਪ੍ਰਣਾਲੀ ਅਧੀਨ ਸਭ ਤੋਂ ਵੱਧ ਅਰਜ਼ੀਆਂ ਸਤਕਾਰ ਸਕੀਮ ਦੇ ਨਾਲ-ਨਾਲ ਅਨੁਸੂਚਿਤ ਜਾਤੀ, ਰਿਹਾਇਸ਼ ਅਤੇ ਜਨਮ ਸਰਟੀਫਿਕੇਟ (ਸਕੂਲਾਂ ਲਈ) ਲਈ ਦਾਇਰ ਕੀਤੀਆਂ ਜਾ ਰਹੀਆਂ ਹਨ। ਮੌਕੇ 'ਤੇ ਮੌਜੂਦ ਇੱਕ ਔਰਤ ਨੇ ਦੱਸਿਆ ਕਿ ਉਹ ਸਤਿਕਾਰ ਯੋਜਨਾ ਲਈ ਅਰਜ਼ੀ ਦੇਣ ਲਈ ਸੇਵਾ ਕੇਂਦਰ ਆਈ ਹੈ। ਉਹ ਸਵੇਰੇ 7 ਵਜੇ ਤੋਂ ਲਾਈਨ ਵਿੱਚ ਖੜ੍ਹੀ ਹੈ ਤੇ ਇੱਕ ਫਾਰਮ ਭਰਨ ਵਿੱਚ 40 ਤੋਂ 50 ਮਿੰਟ ਲੱਗ ਰਹੇ ਸਨ। ਜ਼ਿਲ੍ਹਾ ਪ੍ਰਸ਼ਾਸਨ ਪੱਧਰ 'ਤੇ ਇਸ ਸਮੱਸਿਆ ਦੇ ਸਥਾਈ ਹੱਲ ਦੀ ਲੋੜ ਹੈ। ਇਸ ਸਬੰਧੀ ਸੇਵਾ ਕੇਂਦਰ ਦੇ ਇੰਚਾਰਜ ਮੁਨੀਸ਼ ਨੇ ਕਿਹਾ ਕਿ ਪਹਿਲਾਂ ਸੇਵਾ ਕੇਂਦਰ ਦੀ ਸਾਈਟ ਅਪਡੇਟ ਕਰਨ ਕਾਰਨ ਬੰਦ ਰਹੀ ਤੇ ਹੁਣ ਜਨਮ ਸਰਟੀਫਿਕੇਟ ਆਨਲਾਈਨ ਕਰਵਾਉਣ ਲਈ ਵੀ ਲੋਕ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਰਾਸ਼ਨ ਕਾਰਡ ਲਈ ਵੀ ਲੋਕ ਆ ਰਹੇ ਹਨ, ਜਿਸ ਕਾਰਨ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ।
