Dailyhunt

ਪੁਲੀਸ ਨੇ ਨਸ਼ਿਆਂ ਵਿਰੁੱਧ ਤਲਾਸ਼ੀ ਮੁਹਿੰਮ ਚਲਾਈ

'ਅਪਰੇਸ਼ਨ ਜੀਵਨ ਜੋਤੀ' ਤਹਿਤ ਨਸ਼ਿਆਂ ਵਿਰੁੱਧ ਫਤਿਹਾਬਾਦ ਪੁਲੀਸ ਵੱਲੋਂ ਲਗਾਤਾਰ ਸਖ਼ਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਥਾਣਾ ਸਦਰ ਰਤੀਆ ਪੁਲੀਸ ਨੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਤਲਾਸ਼ੀ ਮੁਹਿੰਮ ਚਲਾਈ। ਇਹ ਮੁਹਿੰਮ ਥਾਣਾ ਸਦਰ ਰਤੀਆ ਮੁਖੀ ਇੰਸਪੈਕਟਰ ਪ੍ਰਹਿਲਾਦ ਦੀ ਅਗਵਾਈ ਹੇਠ ਚਲਾਈ ਗਈ। ਇਸ ਵਿੱਚ ਡੌਗ ਸਕੁਐਡ ਅਤੇ ਕਮਾਂਡੋ ਟੀਮ ਦਾ ਵਿਸ਼ੇਸ਼ ਸਹਿਯੋਗ ਲਿਆ ਗਿਆ।

ਮੁਹਿੰਮ ਦਾ ਉਦੇਸ਼ ਨਸ਼ਾ ਤਸਕਰੀ 'ਤੇ ਕੰਟਰੋਲ, ਸ਼ੱਕੀ ਗਤੀਵਿਧੀਆਂ ਦੀ ਜਾਂਚ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਅਤੇ ਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ।
ਤਲਾਸ਼ੀ ਮੁਹਿੰਮ ਦੌਰਾਨ ਵੱਖ-ਵੱਖ ਸੰਵੇਦਨਸ਼ੀਲ ਸਥਾਨਾਂ, ਜਨਤਕ ਥਾਵਾਂ, ਗਲੀ-ਮੁਹੱਲਿਆਂ, ਸ਼ੱਕੀ ਟਿਕਾਣਿਆਂ ਅਤੇ ਆਉਣ-ਜਾਣ ਵਾਲੇ ਰਸਤਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਡੌਗ ਸਕੁਐਡ ਦੀ ਮਦਦ ਨਾਲ ਨਸ਼ੀਲੇ ਪਦਾਰਥਾਂ ਦੀ ਸੰਭਾਵਿਤ ਮੌਜੂਦਗੀ ਵਾਲੀਆਂ ਥਾਵਾਂ ਨੂੰ ਵਿਸ਼ੇਸ਼ ਤੌਰ 'ਤੇ ਖੰਗਾਲਿਆ ਗਿਆ, ਉੱਥੇ ਹੀ ਕਮਾਂਡੋ ਟੀਮ ਵੱਲੋਂ ਖੇਤਰ ਵਿੱਚ ਚੌਕਸੀ ਰੱਖੀ ਗਈ। ਮੁਹਿੰਮ ਦੌਰਾਨ ਪੁਲੀਸ ਟੀਮ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਆਮ ਜਨਤਾ ਨੂੰ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਜੇ ਕਿਤੇ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਵਿਕਰੀ ਸਬੰਧੀ ਕੋਈ ਸੂਚਨਾ ਮਿਲਦੀ ਹੈ, ਤਾਂ ਉਹ ਤੁਰੰਤ ਪੁਲੀਸ ਨੂੰ ਸੂਚਿਤ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।

Dailyhunt
Disclaimer: This content has not been generated, created or edited by Dailyhunt. Publisher: Punjabi Tribune