ਆਸਟਰੇਲੀਆ ਵੱਲੋਂ 44 ਭਾਰਤੀ ਫਿਊਮੀਗੇਸ਼ਨ ਕੰਪਨੀਆਂ ਦੇ ਲਾਇਸੈਂਸ ਰੱਦ ਕਰਨ ਨਾਲ ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਬਰਾਮਦਕਾਰ ਕਸੂਤੇ ਫਸ ਗਏ ਹਨ। ਆਸਟਰੇਲੀਆ ਸਮੇਤ ਯੂਰੋਪੀਅਨ ਮੁਲਕਾਂ ਨੂੰ ਭਾਰਤ 'ਚੋਂ ਬਰਾਮਦ ਹੁੰਦੇ ਬਾਸਮਤੀ ਚੌਲ 'ਚ ਵੱਡੀ ਹਿੱਸੇਦਾਰੀ ਪੰਜਾਬ ਅਤੇ ਹਰਿਆਣਾ ਦੀ ਹੈ। ਕਰੀਬ 90 ਫ਼ੀਸਦ ਬਾਸਮਤੀ ਇਨ੍ਹਾਂ ਦੋਵਾਂ ਰਾਜਾਂ ਤੋਂ ਬਰਾਮਦ ਹੁੰਦੀ ਹੈ।
ਆਸਟਰੇਲੀਆ ਨੇ ਹਰਿਆਣਾ ਦੀਆਂ ਪੰਜ ਅਤੇ ਪੰਜਾਬ ਦੀਆਂ ਤਿੰਨ ਫਿਊਮੀਗੇਸ਼ਨ (ਅਨਾਜ ਨੂੰ ਕੀੜਿਆਂ ਤੋਂ ਬਚਾਉਣ ਲਈ ਸਪਰੇਅ ਕਰਨਾ) ਕੰਪਨੀਆਂ 'ਤੇ ਰੋਕ ਲਾਈ ਹੈ।
ਵੇਰਵਿਆਂ ਅਨੁਸਾਰ ਕਰੀਬ 100 ਤੋਂ ਵੱਧ ਭਾਰਤੀ ਕੰਟੇਨਰ ਇਸ ਵੇਲੇ ਆਸਟਰੇਲੀਆ ਦੇ ਸਮੁੰਦਰੀ ਰਸਤੇ 'ਚ ਹਨ। ਜਦੋਂ ਇਹ ਮਾਲ ਆਸਟਰੇਲੀਆ ਪਹੁੰਚੇਗਾ ਤਾਂ ਭਾਰਤੀ ਬਰਾਮਦਕਾਰਾਂ ਨੂੰ ਇਸ ਦੀ ਮੁੜ ਆਪਣੇ ਖ਼ਰਚੇ 'ਤੇ ਫਿਊਮੀਗੇਸ਼ਨ ਕਰਾਉਣੀ ਪਏਗੀ। ਇਸ ਨਾਲ ਭਾਰਤੀ ਬਰਾਮਦਕਾਰਾਂ 'ਤੇ 700 ਤੋਂ 1200 ਆਸਟਰੇਲੀਅਨ ਡਾਲਰ ਪ੍ਰਤੀ ਕੰਟੇਨਰ ਵਾਧੂ ਖਰਚਾ ਪਵੇਗਾ। ਭਾਰਤੀ ਬਰਾਮਦਕਾਰਾਂ ਦਾ ਕਰੀਬ 200 ਕਰੋੜ ਦਾ ਚੌਲ ਇਸ ਵੇਲੇ ਖ਼ਤਰੇ ਵਿੱਚ ਹੈ। ਸਭ ਤੋਂ ਵੱਡੀ ਵਿੱਤੀ ਸੱਟ ਪੰਜਾਬ ਤੇ ਹਰਿਆਣਾ ਦੇ ਬਰਾਮਦਕਾਰਾਂ ਨੂੰ ਵੱਜੇਗੀ।
ਬਾਸਮਤੀ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸ਼ਨ ਦਾ ਕਹਿਣਾ ਹੈ ਕਿ ਪੰਜਾਬ ਦੇ ਬਰਾਮਦਕਾਰਾਂ ਵੱਲੋਂ ਮਾਨਤਾ ਪ੍ਰਾਪਤ ਫਿਊਮੀਗੇਸ਼ਨ ਕੰਪਨੀਆਂ ਤੋਂ ਫਿਊਮੀਗੇਸ਼ਨ ਕਰਾ ਕੇ ਬਾਸਮਤੀ ਚੌਲ ਕੰਟੇਨਰਾਂ ਜ਼ਰੀਏ ਆਸਟਰੇਲੀਆ ਭੇਜਿਆ ਜਾ ਰਿਹਾ ਹੈ। ਹੁਣ ਜਦੋਂ ਆਸਟਰੇਲੀਆ ਵੱਲੋਂ ਕੰਪਨੀਆਂ ਦੇ ਲਾਇਸੈਂਸ ਰੱਦ ਕੀਤੇ ਜਾਣ ਦਾ ਫ਼ੈਸਲਾ ਆ ਗਿਆ ਹੈ ਤਾਂ ਵੱਡੀ ਮਾਤਰਾ 'ਚ ਚੌਲ ਸਮੁੰਦਰੀ ਰਸਤੇ 'ਚ ਹੈ। ਜਦੋਂ ਕਿ ਇਹ ਚੌਲ ਆਸਟਰੇਲੀਆ ਪੁੱਜੇਗਾ ਤਾਂ ਮੁੜ ਫਿਊਮੀਗੇਸ਼ਨ ਕਰਾਉਣੀ ਪਵੇਗੀ ਜਿਸ ਦਾ ਖਰਚਾ ਬਰਾਮਦਕਾਰਾਂ ਨੂੰ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਫਿਊਮੀਗੇਸ਼ਨ ਕੰਪਨੀਆਂ ਦਾ ਖ਼ਮਿਆਜ਼ਾ ਬਰਾਮਦਕਾਰਾ ਕਿਉਂ ਭੁਗਤਣ। ਬਰਾਮਦਕਾਰਾਂ ਨੇ ਭਾਰਤ ਸਰਕਾਰ ਦੀ ਐਕਸਪੋਰਟ ਵਿਕਾਸ ਅਥਾਰਿਟੀ ਨੂੰ ਪੱਤਰ ਲਿਖਿਆ ਹੈ ਕਿ ਜਿਹੜੇ ਕੰਟੇਨਰ ਪਹਿਲਾਂ ਹੀ ਆਸਟਰੇਲੀਆ ਰਵਾਨਾ ਹੋ ਚੁੱਕੇ ਹਨ, ਉਨ੍ਹਾਂ 'ਤੇ ਵਿਸ਼ੇਸ਼ ਰਾਹਤ ਛੋਟ ਦਿੱਤੀ ਜਾਵੇ। ਭਾਰਤ 'ਚੋਂ ਯੂਰਪੀ ਦੇਸ਼ਾਂ ਨੂੰ 2024-25 (ਜੂਨ -ਮਈ) ਦੌਰਾਨ 607.23 ਕਰੋੜ ਦੀ ਬਾਸਮਤੀ ਬਰਾਮਦ ਹੋਈ ਸੀ ਜਦੋਂ ਕਿ ਇਸ ਸਮੇਂ ਦੌਰਾਨ ਸਾਲ 2025-26 'ਚ 734.87 ਕਰੋੜ ਦਾ ਬਾਸਮਤੀ ਚੌਲ ਬਰਾਮਦ ਕੀਤਾ ਗਿਆ ਸੀ।
ਬਾਇਓ ਸਕਿਉਰਿਟੀ ਨੇਮਾਂ ਦੀ ਪਾਲਣਾ 'ਚ ਆਸਟਰੇਲੀਆ ਮੋਹਰੀ
ਆਸਟਰੇਲੀਆ, ਜੋ ਬਾਇਓ ਸਕਿਉਰਿਟੀ ਨਿਯਮਾਂ ਦੀ ਪਾਲਣਾ 'ਚ ਸਭ ਤੋਂ ਅੱਗੇ ਹੈ, ਨੇ ਹੁਣ ਅਚਨਚੇਤ ਚੈਕਿੰਗ ਸ਼ੁਰੂ ਕੀਤੀ ਹੈ। ਆਸਟਰੇਲੀਆ ਨੂੰ ਫਿਊਮੀਗੇਸ਼ਨ ਕੁਝ ਕਮੀਆਂ ਲੱਗੀਆਂ ਹਨ, ਜਿਨ੍ਹਾਂ ਦੇ ਆਧਾਰ 'ਤੇ ਭਾਰਤੀ ਕੰਪਨੀਆਂ ਉੱਤੇ ਰੋਕ ਲਗਾਈ ਗਈ ਹੈ। ਬਰਾਮਦਕਾਰ ਜਦੋਂ ਬਾਸਮਤੀ ਚੌਲ ਵਿਦੇਸ਼ ਭੇਜਦੇ ਹਨ ਤਾਂ ਕੰਟੇਨਰ 'ਚ ਉਤਪਾਦ ਪੈਕ ਕਰ ਦਿੱਤਾ ਜਾਂਦਾ ਹੈ ਅਤੇ ਫਿਊਮੀਗੇਸ਼ਨ ਕੰਪਨੀਆਂ ਵੱਲੋਂ ਕੰਟੇਨਰ ਵਿਚਲੇ ਮਾਲ ਨੂੰ ਸੁਰੱਖਿਅਤ ਰੱਖਣ ਲਈ ਗੈਸ ਛੱਡ ਕੇ ਕੰਟੇਨਰ ਬੰਦ ਕੀਤਾ ਜਾਂਦਾ ਹੈ।
