Dailyhunt Logo
  • Light mode
    Follow system
    Dark mode
    • Play Story
    • App Story

Punjab MC Elections Result: ਬਰਨਾਲਾ ਦੀਆਂ ਨਗਰ ਨਿਗਮ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਖਾਤਾ ਵੀ ਨਾ ਖੁੱਲ੍ਹਿਆ, BJP ਤੋਂ ਵੀ ਪੱਛੜੀ ਪੰਥਕ ਪਾਰਟੀ

ਰਨਾਲਾ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਜ਼ਿਲ੍ਹੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਹੋਂਦ 'ਤੇ ਵੱਡਾ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਕਿਸੇ ਸਮੇਂ ਅਕਾਲੀ ਦਲ ਦਾ ਮਜ਼ਬੂਤ ਗੜ੍ਹ ਮੰਨੇ ਜਾਣ ਵਾਲੇ ਬਰਨਾਲਾ ਵਿੱਚ ਪਾਰਟੀ ਦੀ ਹਾਲਤ ਇਸ ਕਦਰ ਪਤਲੀ ਹੋ ਚੁੱਕੀ ਹੈ ਕਿ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿੱਚੋਂ ਅਕਾਲੀ ਦਲ ਆਪਣਾ ਖਾਤਾ ਤੱਕ ਖੋਲ੍ਹਣ ਵਿੱਚ ਨਾਕਾਮ ਰਿਹਾ।

ਹਾਲਾਤ ਇਹ ਹਨ ਕਿ ਪਾਰਟੀ ਆਪਣੀ ਪੁਰਾਣੀ ਸਾਂਝੀਵਾਲ ਰਹੀ ਭਾਰਤੀ ਜਨਤਾ ਪਾਰਟੀ ਸਮੇਤ ਰਵਾਇਤੀ ਵਿਰੋਧੀ ਕਾਂਗਰਸ ਤੋਂ ਵੀ ਬੁਰੀ ਤਰ੍ਹਾਂ ਪਛੜ ਗਈ ਹੈ। ਦੂਜੇ ਪਾਸੇ, ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) 36 ਸੀਟਾਂ ਹਾਸਲ ਕਰਕੇ ਸਭ ਤੋਂ ਅੱਗੇ ਯਾਨੀ ਨੰਬਰ ਇੱਕ ‘ਤੇ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ 50 ਵਿੱਚੋਂ ਕੇਵਲ 10 ਵਾਰਡਾਂ ਵਿੱਚ ਦੂਜੇ ਨੰਬਰ ‘ਤੇ ਅਤੇ ਮਹਿਜ਼ 5 ਵਾਰਡਾਂ ਵਿੱਚ ਹੀ ਤੀਜੇ ਨੰਬਰ ‘ਤੇ ਆ ਸਕੀ। ਬਾਕੀ ਦੇ ਵਾਰਡਾਂ ਵਿੱਚ ਤਾਂ ਅਕਾਲੀ ਉਮੀਦਵਾਰ ਪਹਿਲੇ ਤਿੰਨ ਸਥਾਨਾਂ ਵਿੱਚ ਵੀ ਜਗ੍ਹਾ ਨਹੀਂ ਬਣਾ ਸਕੇ। ਪਾਰਟੀ ਦੀ ਇਸ ਨਮੋਸ਼ੀਜਨਕ ਹਾਰ ਵਿੱਚ ਸਭ ਤੋਂ ਵੱਡਾ ਝਟਕਾ ਉਦੋਂ ਲੱਗਿਆ, ਜਦੋਂ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੇ ਆਪਣੇ ਵਾਰਡ ਵਿੱਚ ਵੀ ਅਕਾਲੀ ਉਮੀਦਵਾਰ ਚੋਣ ਹਾਰ ਗਿਆ। ਇੰਨਾ ਹੀ ਨਹੀਂ, ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ।

ਸ਼੍ਰੋਮਣੀ ਅਕਾਲੀ ਦਲ ਦੀ ਬਦਹਾਲੀ ਦਾ ਆਲਮ ਇਹ ਸੀ ਕਿ ਪਾਰਟੀ ਕੋਲ 50 ਵਾਰਡਾਂ ਵਿੱਚ ਉਤਾਰਨ ਲਈ ਪੂਰੇ ਉਮੀਦਵਾਰ ਤੱਕ ਨਹੀਂ ਸਨ। ਪਾਰਟੀ ਮਹਿਜ਼ 27 ਵਾਰਡਾਂ ਵਿੱਚ ਹੀ ਆਪਣੇ ਉਮੀਦਵਾਰ ਖੜ੍ਹੇ ਕਰ ਸਕੀ। ਪਿਛਲੀਆਂ ਚੋਣਾਂ ਦੇ ਮੁਕਾਬਲੇ ਅਕਾਲੀ ਦਲ ਦਾ ਸਿਆਸੀ ਵਜੂਦ ਬਿਲਕੁਲ ਨਿਵਾਣਾਂ ਵੱਲ ਚਲਾ ਗਿਆ ਹੈ। ਜਦੋਂ ਪਹਿਲਾਂ ਬਰਨਾਲਾ ਨਗਰ ਕੌਂਸਲ ਹੁੰਦੀ ਸੀ, ਉਦੋਂ 31 ਵਾਰਡਾਂ ਵਿੱਚੋਂ ਅਕਾਲੀ ਦਲ ਨੇ 4 ਸੀਟਾਂ ਜਿੱਤੀਆਂ ਸਨ। ਪਰ ਇਸ ਵਾਰ ਜਦੋਂ ਕੌਂਸਲ ਤੋਂ ਨਿਗਮ ਬਣਿਆ ਅਤੇ ਵਾਰਡਾਂ ਦੀ ਗਿਣਤੀ ਵਧ ਕੇ 50 ਹੋਈ, ਤਾਂ ਅਕਾਲੀ ਦਲ ਦਾ ਅੰਕੜਾ 4 ਤੋਂ ਵਧਣ ਦੀ ਬਜਾਏ ਸਿਫ਼ਰ ‘ਤੇ ਆ ਗਿਆ।

ਸ਼੍ਰੋਮਣੀ ਅਕਾਲੀ ਦਲ ਦੀ ਇਹ ਪਤਲੀ ਹਾਲਤ ਸਿਰਫ਼ ਬਰਨਾਲਾ ਸ਼ਹਿਰ ਤੱਕ ਸੀਮਤ ਨਹੀਂ ਰਹੀ, ਸਗੋਂ ਪੂਰੇ ਜ਼ਿਲ੍ਹੇ ਵਿੱਚ ਹੀ ਪਾਰਟੀ ਦਾ ਸੂਰਜ ਡੁੱਬਦਾ ਨਜ਼ਰ ਆਇਆ। ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ ਵਿੱਚੋਂ ਅਕਾਲੀ ਦਲ ਦਾ ਖਾਤਾ ਤੱਕ ਨਹੀਂ ਖੁੱਲ੍ਹ ਸਕਿਆ। ਨਗਰ ਕੌਂਸਲ ਭਦੌੜ ਵਿੱਚ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਨਗਰ ਕੌਂਸਲ ਤਪਾ ਮੰਡੀ ਦੇ 15 ਵਾਰਡਾਂ ਵਿੱਚੋਂ ਪਾਰਟੀ ਮਹਿਜ਼ 2 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਈ।

ਬਰਨਾਲਾ ਜ਼ਿਲ੍ਹਾ ਸਿੱਖ ਸਿਆਸਤ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਉਹ ਇਤਿਹਾਸਕ ਗੜ੍ਹ ਰਿਹਾ ਹੈ, ਜਿੱਥੋਂ ਸੁਰਜੀਤ ਸਿੰਘ ਬਰਨਾਲਾ ਵਰਗੇ ਕੱਦਾਵਰ ਆਗੂ ਨਿਕਲੇ, ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਦਾ ਸਫ਼ਰ ਤੈਅ ਕੀਤਾ। ਪਰ ਅੱਜ ਹਾਲਾਤ ਇਹ ਹਨ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਦੋ ਦਹਾਕਿਆਂ ਤੋਂ ਇੱਥੇ ਵਿਧਾਨ ਸਭਾ ਦੀ ਇੱਕ ਵੀ ਸੀਟ ਜਿੱਤਣ ਲਈ ਤਰਸ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਾਰੀ ਚੋਣ ਪ੍ਰਕਿਰਿਆ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਉੱਤੇ ਧੱਕੇਸ਼ਾਹੀ ਅਤੇ ਹੇਰਾ-ਫ਼ੇਰੀ ਦੇ ਦੋਸ਼ ਵੀ ਲਗਾਏ ਸਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune