ਪੰਜਾਬ 'ਚ ਨਿਗਮ ਤੇ ਕੌਂਸਲ ਚੋਣਾਂ 'ਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ 'ਚ ਕਾਂਗਰਸ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਦੂਸਰੀ ਤਰਫ਼ ਇਨ੍ਹਾਂ ਚੋਣਾਂ 'ਚ ਵੱਡੀ ਜਿੱਤ ਲੈਣ ਵਜੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਸਿਆਸੀ ਕੱਦ ਉੱਭਰਿਆ ਹੈ ਜਿਨ੍ਹਾਂ ਨੇ ਕਪੂਰਥਲਾ ਨਿਗਮ ਦੀ ਚੋਣ 'ਚ ਕਾਂਗਰਸ ਪਾਰਟੀ ਨੂੰ ਕਾਬਜ਼ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਵੇਲੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਫੇਰਬਦਲ ਦੀ ਚਰਚਾ ਸਿਖਰ 'ਤੇ ਹੈ ਅਤੇ ਅੱਜ ਦਿੱਲੀ ਵਿਖੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਵੀ ਹੋਈ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਸ਼ਹਿਰੀ ਸੰਸਥਾਵਾਂ ਦੀ ਚੋਣ 'ਚ ਜੱਦੀ ਹਲਕੇ 'ਚੋਂ ਮਿਲੀ ਹਾਰ ਕਿਸੇ ਸਿਆਸੀ ਝਟਕੇ ਤੋਂ ਘੱਟ ਨਹੀਂ ਹੈ ਅਤੇ ਵੜਿੰਗ ਦੇ ਸਿਆਸੀ ਵਿਰੋਧੀ ਇਸ ਹਾਰ ਨੂੰ ਲੈ ਕੇ ਹਾਈ ਕਮਾਂਡ ਦੇ ਕੰਨ ਜ਼ਰੂਰ ਭਰ ਸਕਦੇ ਹਨ।
ਗਿੱਦੜਬਾਹਾ ਨਗਰ ਕੌਂਸਲ 'ਚ ਕਾਂਗਰਸ ਪਾਰਟੀ ਸਿਰਫ਼ ਦੋ ਸੀਟਾਂ ਹੀ ਜਿੱਤ ਸਕੀ ਹੈ। ਸ੍ਰੀ ਮੁਕਤਸਰ ਸਾਹਿਬ ਕੌਂਸਲ 'ਚ ਵੀ ਕਾਂਗਰਸ ਨੂੰ ਕੇਵਲ ਚਾਰ ਸੀਟਾਂ ਹੀ ਮਿਲੀਆਂ ਹਨ। ਇੰਨਾ ਜ਼ਰੂਰ ਹੈ ਕਿ ਮਲੋਟ ਕੌਂਸਲ 'ਚ ਕਾਂਗਰਸ 8 ਸੀਟਾਂ ਲੈਣ 'ਚ ਸਫਲ ਹੋਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਗੜ੍ਹ 'ਚ ਕਾਂਗਰਸ ਨੂੰ ਬੜ੍ਹਤ ਦਿਵਾਉਣ 'ਚ ਕਾਮਯਾਬ ਹੋਏ ਹਨ। ਚਮਕੌਰ ਸਾਹਿਬ ਕੌਂਸਲ ਦੀਆਂ 13 ਸੀਟਾਂ 'ਚੋਂ 6 ਸੀਟਾਂ 'ਤੇ ਕਾਂਗਰਸ ਪਾਰਟੀ ਜੇਤੂ ਰਹੀ ਹੈ ਅਤੇ ਇਸੇ ਤਰ੍ਹਾਂ ਮੋਰਿੰਡਾ ਕੌਂਸਲ 'ਚ ਕਾਂਗਰਸ ਦਾ ਦਬਦਬਾ ਬਣ ਗਿਆ ਹੈ।
ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਲੜਕੇ ਰਾਣਾ ਇੰਦਰ ਪ੍ਰਤਾਪ ਸਿੰਘ ਜੋ ਕਿ ਆਜ਼ਾਦ ਵਿਧਾਇਕ ਹਨ, ਦਾ ਧੜਾ ਵੀ ਸੁਲਤਾਨਪੁਰ ਲੋਧੀ ਕੌਂਸਲ 'ਤੇ ਕਾਬਜ਼ ਹੋ ਗਿਆ ਹੈ। ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਹਲਕੇ ਵਿਚਲੀ ਫ਼ਤਿਹਗੜ੍ਹ ਚੂੜੀਆਂ ਕੌਂਸਲ 'ਚ ਕਾਂਗਰਸ ਨੂੰ 13 ਸੀਟਾਂ 'ਚੋਂ 7 ਸੀਟਾਂ ਮਿਲੀਆਂ ਹਨ। ਦੁਆਬੇ 'ਚ ਕਾਂਗਰਸ ਦਾ ਪਹਿਲਾਂ ਵਾਲਾ ਦਬਦਬਾ ਨਹੀਂ ਰਹਿ ਸਕਿਆ ਹੈ। ਆਦਮਪੁਰ ਕੌਂਸਲ 'ਚ ਵੀ ਕਾਂਗਰਸ ਹਾਰ ਗਈ ਹੈ। ਇੰਨਾ ਜ਼ਰੂਰ ਹੈ ਕਿ ਜਲੰਧਰ ਜ਼ਿਲ੍ਹੇ ਦੀ ਮਹਿਤਪੁਰ ਕੌਂਸਲ 'ਚ ਕਾਂਗਰਸ ਬਹੁਮਤ ਹਾਸਲ ਕਰਨ 'ਚ ਸਫਲ ਹੋ ਗਈ ਹੈ। ਮਾਲਵਾ ਖ਼ਿੱਤੇ ਦੀ ਗੱਲ ਕਰੀਏ ਤਾਂ ਭਵਾਨੀਗੜ੍ਹ ਕੌਂਸਲ ਦੀ ਚੋਣ 'ਚ 7 ਸੀਟਾਂ 'ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਇਹ ਕੌਂਸਲ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਹਲਕੇ 'ਚ ਪੈਂਦੀ ਹੈ। ਕਾਂਗਰਸੀ ਆਗੂ ਜੀਤ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ 'ਚ ਕਾਂਗਰਸ ਨੇ ਮੌੜ ਮੰਡੀ ਨਗਰ ਕੌਂਸਲ 'ਚ ਛੇ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ।
ਫ਼ਾਜ਼ਿਲਕਾ ਕੌਂਸਲ 'ਚ ਕਾਂਗਰਸ ਨੇ 9 ਸੀਟਾਂ ਹਾਸਲ ਕੀਤੀਆਂ ਹਨ। ਕਾਂਗਰਸ ਪਾਰਟੀ ਦੀ ਨਿਗਮ ਚੋਣਾਂ 'ਚ ਕਾਰਗੁਜ਼ਾਰੀ ਨੂੰ ਲੈ ਕੇ ਹਾਈਕਮਾਂਡ ਕੋਲ ਚਰਚਾ ਛਿੜੀ ਹੈ। ਹਾਲਾਂਕਿ ਕਾਂਗਰਸ ਇਨ੍ਹਾਂ ਚੋਣਾਂ 'ਚ ਦੂਜੇ ਨੰਬਰ ਦੀ ਪਾਰਟੀ ਵਜੋਂ ਉੱਭਰੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਤੋਂ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਇਨ੍ਹਾਂ ਚੋਣਾਂ 'ਚ ਬਿਹਤਰ ਆਖੀ ਜਾ ਸਕਦੀ ਹੈ।
ਚਰਨਜੀਤ ਚੰਨੀ
ਰਾਣਾ ਗੁਰਜੀਤ ਸਿੰਘ