Dailyhunt

Punjab News: ਹਥਿਆਰਬੰਦ ਲੁਟੇਰਿਆਂ ਨੇ ਰੇਹੜੀ ਚਾਲਕ ਨੂੰ ਮਾਰੀ ਗੋਲੀ

ਪੂਰਥਲਾ ਜ਼ਿਲ੍ਹੇ ਦੇ ਇੱਕ ਪਿੰਡ ਬਰਿੰਦਪੁਰ ਵਿੱਚ ਸ਼ੁੱਕਰਵਾਰ ਦੇਰ ਰਾਤ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕ ਰੇਹੜੀ ਵਾਲਾ ਜ਼ਖ਼ਮੀ ਹੋ ਗਿਆ। ਪਿੰਡ ਔਜਲਾ ਦੇ ਰਹਿਣ ਵਾਲੇ ਪੀੜਤ ਰਾਜਿੰਦਰ ਕੁਮਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਹ ਸ਼ੁੱਕਰਵਾਰ ਦੇਰ ਰਾਤ ਆਪਣਾ ਰੋਜ਼ਾਨਾ ਦਾ ਕੰਮ ਬੰਦ ਕਰਕੇ ਘਰ ਪਰਤ ਰਿਹਾ ਸੀ।
ਜਿਵੇਂ ਹੀ ਉਹ ਪਿੰਡ ਬਰਿੰਦਪੁਰ ਦੀ ਦਰਗਾਹ ਨੇੜੇ ਪਹੁੰਚਿਆ, ਮਾਸਕ ਪਾਏ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ।

ਹਮਲਾਵਰਾਂ ਨੇ ਕਥਿਤ ਤੌਰ 'ਤੇ ਉਸ ਦਾ ਰਸਤਾ ਰੋਕਿਆ ਅਤੇ ਪਿਸਤੌਲ ਦੀ ਨੋਕ 'ਤੇ ਪੈਸਿਆਂ ਦੀ ਮੰਗ ਕਰਦਿਆਂ ਉਸ ਨੂੰ ਧਮਕਾਇਆ। ਆਪਣੀ ਜਾਨ ਦੇ ਡਰੋਂ, ਰੇਹੜੀ ਵਾਲੇ ਨੇ ਆਪਣੀ ਦਿਨ ਭਰ ਦੀ ਕਮਾਈ, ਜੋ ਲਗਪਗ 10,000 ਰੁਪਏ ਸੀ, ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਦੱਸਿਆ ਗਿਆ ਹੈ ਕਿ ਉਸ ਨੇ ਹਮਲਾਵਰਾਂ ਅੱਗੇ ਆਪਣੀਆਂ ਨਿੱਜੀ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ ਮਿੰਨਤਾਂ ਵੀ ਕੀਤੀਆਂ, ਪਰ ਉਹ ਜ਼ਬਰਦਸਤੀ ਨਕਦੀ ਖੋਹ ਕੇ ਫਰਾਰ ਹੋ ਗਏ।

ਫਰਾਰ ਹੋਣ ਤੋਂ ਪਹਿਲਾਂ ਹਮਲਾਵਰਾਂ ਨੇ ਦੋ ਗੋਲੀਆਂ ਚਲਾਈਆਂ। ਇੱਕ ਗੋਲੀ ਜ਼ਮੀਨ ਵਿੱਚ ਲੱਗੀ, ਜਦੋਂ ਕਿ ਦੂਜੀ ਪੀੜਤ ਦੇ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਸ਼ੱਕੀ ਮੌਕੇ ਤੋਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਨੂੰ ਕਪੂਰਥਲਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਸੀਨੀਅਰ ਪੁਲੀਸ ਕਪਤਾਨ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਨੇ ਲੁੱਟ-ਖੋਹ, ਇਰਾਦਾ ਕਤਲ ਅਤੇ ਹਥਿਆਰਾਂ ਦੀ ਗੈਰ-ਕਾਨੂੰਨੀ ਵਰਤੋਂ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune