ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਮੇਨ ਬਜ਼ਾਰ ਵਿੱਚ ਭੀੜ ਭਰੇ ਇਲਾਕੇ ਵਿਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਕਰਿਆਨਾ ਸਟੋਰ ਦੇ ਮਾਲਕ ਗੁਰਚਰਨ ਸਿੰਘ (ਕਾਲਾ ਗਾਬਾ) ਪੁੱਤਰ ਕੁਲਵੰਤ ਸਿੰਘ ਗਾਬਾ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਦੀ ਮੋਗਾ ਮੈਡੀਸਿਟੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਮ੍ਰਿਤਕ ਕਾਲਾ ਗਾਬਾ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਮੁਲਾਮਜ਼ ਨੇ ਦੱਸਿਆ ਕਿ ਹਮਲਾਵਰ ਪਹਿਲਾਂ ਦੁਕਾਨ ‘ਤੇ ਕੋਲਡਰਿੰਕ ਲੈਣ ਦੇ ਬਹਾਨੇ ਆਇਆ ਅਤੇ ਤਕਰੀਬਨ 10-12 ਮਿੰਟ ਦੁਕਾਨ ਵਿੱਚ ਖੜਾ ਰਿਹਾ। ਮੁਲਾਜ਼ਮ ਨੇ ਦੱਸਿਆ ਕਿ ਉਹ ਬਾਅਦ ਵਿੱਚ ਕੋਲਡਰਿੰਕ ਲੈ ਕੇ ਚਲਾ ਗਿਆ ਅਤੇ ਫ਼ਿਰ 10 ਕੁ ਮਿੰਟ ਬਾਅਦ ਦੋ ਜਣੇ ਦੁਬਾਰਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ। ਇਕ ਵਿਅਕਤੀ ਮੋਟਰਸਾਈਕਲ ‘ਤੇ ਬੈਠਾ ਰਿਹਾ ਅਤੇ ਦੂਸਰੇ ਵਿਅਕਤੀ ਵੱਲੋਂ ਦੁਕਾਨ ਦੇ ਅੰਦਰ ਆ ਕੇ ਕਾਲਾ ਗਾਬਾ ਦੇ ਗੋਲੀਆਂ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ ਐੱਸ ਪੀ ਭੁਪਿੰਦਰ ਸਿੰਘ ਸਿੱਧੂ ਫਿਰੋਜ਼ਪੁਰ ਅਤੇ ਥਾਣਾ ਮੱਖੂ ਦੀ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਗੁਰਚਰਨ ਸਿੰਘ ਕਾਲਾ ਗਾਬਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ। ਗੁਰਚਰਨ ਸਿੰਘ ਕਾਲਾ ਗਾਬਾ ਦੀ ਹੋਈ ਹੱਤਿਆ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸ਼ਹਿਰ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।
ਹਮਲਾਵਰਾਂ ਦੀ ਸੀਸੀਟੀਵੀ ਕੈਮਰਿਆਂ ਰਾਹੀ ਸਾਹਮਣੇ ਆਈ ਪਿਸਤੌਲ ਫੜ੍ਹੀ ਤਸਵੀਰ। ਫੋਟੋ; ਹਰਦੀਪ ਸਿੰਘਗੁਰਚਰਨ ਸਿੰਘ ਕਾਲਾ ਗਾਬਾ ਜੋ ਕਿ ਬਹੁਤ ਹੀ ਵਧੀਆ ਸਮਾਜ ਸੇਵੀ ਇਨਸਾਨ ਦੀ ਦੁੱਖਦਾਈ ਘਟਨਾ ਦੀ ਖਬਰ ਸੁਣਦਿਆਂ ਸ਼ਹਿਰ ਵਾਸੀਆਂ ਨੇ ਰੋਸ ਵਜੋਂ ਬਾਜ਼ਾਰ ਬੰਦ ਕਰ ਦਿੱਤਾ ਅਤੇ ਧਰਨਾ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਜਸਵੰਤ ਸਿੰਘ ਸੋਭਾ, ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਕਟਾਰੀਆ, ਪਵਨ ਕਟਾਰੀਆ, ਕਰਿਆਨਾ ਯੂਨੀਅਨ ਮੱਖੂ ਦੇ ਪ੍ਰਧਾਨ ਹੀਰਾ ਖੁਰਾਣਾ, ਜਨਰਲ ਸਕੱਤਰ ਕੀਮਤੀ ਲਾਲ ਨਰੂਲਾ, ਕੈਮਿਸਟ ਐਸੋਸੀਏਸ਼ਨ ਮੱਖੂ ਦੇ ਪ੍ਰਧਾਨ ਡਾ. ਰਾਜੀਵ ਆਹੂਜਾ ਅਤੇ ਹੋਰ ਸ਼ਹਿਰ ਵਾਸੀਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਸ਼ਹਿਰ ਵਾਸੀਆਂ ਵੱਲੋਂ ਮਜਬੂਰੀ ਵਿੱਚ ਨੈਸ਼ਨਲ ਹਾਈਵੇਅ ਜਾਮ ਕੀਤਾ ਜਾਵੇਗਾ।
ਘਟਨਾ ਸਥਾਨ 'ਤੇ ਪਹੁੰਚ ਕਿ ਜਾਂਚ ਕਰਦੇ ਹੋਏ ਐੱਸ ਐੱਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਅਤੇ ਪੁਲੀਸ ਕਰਮਚਾਰੀ। ਫੋਟੋ; ਸੰਧੂਸ਼ਹਿਰ ਵਾਸੀਆਂ ਵੱਲੋਂ ਲਗਾਏ ਹੋਏ ਧਰਨੇ ਵਿਚ ਪਹੁੰਚ ਕੇ ਐੱਸ ਐੱਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਗੁਰਚਰਨ ਸਿੰਘ ਕਾਲਾ ਗਾਬਾ ਦੇ ਹਤਿਆਰਿਆਂ ਦੀ ਭਾਲ ਵਿੱਚ ਪੁਲੀਸ ਪ੍ਰਸ਼ਾਸਨ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਕਾਤਲਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
