Dailyhunt Logo
  • Light mode
    Follow system
    Dark mode
    • Play Story
    • App Story

Punjab News: ਪੰਜਾਬ 'ਚ ਅਤਿ ਦੀ ਗਰਮੀ ਕਾਰਨ ਤੇਜ਼ ਬੁਖਾਰ ਦਾ ਕਹਿਰ

Punjab News:ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ ਖੇਤਰ ਵਿੱਚ 40 ਡਿਗਰੀ ਤੋਂ ਉੱਪਰ ਚੱਲ ਰਹੇ ਤਾਪਮਾਨ ਨੇ ਪੰਜਾਬ ਦੇ ਵਸਨੀਕਾਂ ਵਿੱਚ ਤੇਜ਼ ਬੁਖਾਰ (acute febrile illness) ਦੀ ਸਮੱਸਿਆ ਨੂੰ ਵਧਾ ਦਿੱਤਾ ਹੈ। ਭਾਵੇਂ ਅੱਜ ਸਵੇਰੇ ਮੌਸਮ ਵਿੱਚ ਆਈ ਤਬਦੀਲੀ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ ਪਰ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ ਚਾਰ ਮਹੀਨਿਆਂ ਵਿੱਚ ਤੇਜ਼ ਬੁਖਾਰ ਦੇ 5,840 ਮਾਮਲਿਆਂ ਦੇ ਇਲਾਜ ਲਈ 1.31 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਰਾਜ ਸਿਹਤ ਏਜੰਸੀ (SHA), ਪੰਜਾਬ ਤੋਂ ਪ੍ਰਾਪਤ ਡੇਟਾ ਵਿੱਚ ਪਾਣੀ ਅਤੇ ਸਾਹ ਨਾਲ ਸਬੰਧਤ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਵਿੱਚ ਐਂਟਰੀਕ ਬੁਖਾਰ (Enteric fever) ਦੇ 1,396 ਰਜਿਸਟ੍ਰੇਸ਼ਨ ਅਤੇ 30.47 ਲੱਖ ਰੁਪਏ ਦੇ ਦਾਅਵੇ ਸ਼ਾਮਲ ਹਨ। ਇਸ ਤੋਂ ਬਾਅਦ ਨਮੂਨੀਆ ਦੇ 377 ਮਾਮਲੇ ਦਰਜ ਕੀਤੇ ਗਏ, ਜਿਸ ‘ਤੇ 11.06 ਲੱਖ ਰੁਪਏ ਖਰਚ ਕੀਤੇ ਗਏ, ਜਦਕਿ ਐਕਿਊਟ ਬ੍ਰੌਨਕਾਈਟਿਸ ਦੇ 326 ਮਾਮਲੇ ਸਾਹਮਣੇ ਆਏ, ਜਿਸ ‘ਤੇ 9.24 ਲੱਖ ਰੁਪਏ ਤੋਂ ਵੱਧ ਖਰਚ ਹੋਏ। ਸੂਬੇ ਭਰ ਵਿੱਚ ਡੇਂਗੂ ਬੁਖਾਰ ਦੇ 12 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਦੇ ਦਾਅਵੇ 40,880 ਰੁਪਏ ਦੇ ਸਨ, ਇਸ ਦੇ ਨਾਲ ਹੀ ਛੇ ਚਿਕਨਗੁਨੀਆ ਅਤੇ ਤਿੰਨ ਮਲੇਰੀਆ ਦੇ ਮਾਮਲੇ ਵੀ ਸਾਹਮਣੇ ਆਏ ਹਨ। ਹੀਟ ਸਟ੍ਰੋਕ ਕਾਰਨ ਚਾਰ ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਇੱਕ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਮੌਸਮੀ ਬਿਮਾਰੀਆਂ ਦਾ ਪ੍ਰਕੋਪ ਬਾਰਿਸ਼, ਮੱਛਰਾਂ ਦੇ ਪ੍ਰਜਨਨ ਅਤੇ ਸਥਾਨਕ ਸਫਾਈ ਦੀਆਂ ਸਥਿਤੀਆਂ ‘ਤੇ ਨਿਰਭਰ ਕਰਦਾ ਹੈ। ਸਿਵਲ ਹਸਪਤਾਲ, ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾ. ਵਿਕਾਸ ਗੋਇਲ ਨੇ ਕਿਹਾ ਕਿ ਮੌਜੂਦਾ ਰੁਝਾਨ ਹਰ ਸਾਲ ਓ.ਪੀ.ਡੀ. ਵਿੱਚ ਦੇਖੇ ਜਾਣ ਵਾਲੇ ‘ਅਨੁਮਾਨਿਤ ਮੌਸਮੀ ਲੋਡ’ ਨੂੰ ਦਰਸਾਉਂਦਾ ਹੈ, ਅਤੇ ਜ਼ਿਆਦਾਤਰ ਮਾਮਲਿਆਂ ਨੂੰ ਮੁੱਢਲੇ ਪੱਧਰ ‘ਤੇ ਹੀ ਸੰਭਾਲਿਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਅਤਿ ਦੀ ਗਰਮੀ ਕਾਰਨ ਤੇਜ਼ ਬੁਖਾਰ, ਉਲਟੀਆਂ, ਦਸਤ, ਸਿਰ ਦਰਦ, ਸਾਹ ਦੀਆਂ ਲਾਗਾਂ ਅਤੇ ਚਮੜੀ ਜਾਂ ਅੱਖਾਂ ਦੀਆਂ ਐਲਰਜੀ ਦੇ ਮਾਮਲੇ ਵਧ ਜਾਂਦੇ ਹਨ, ਜੋ ਅਕਸਰ ਉਦੋਂ ਵਿਗੜ ਜਾਂਦੇ ਹਨ ਜਦੋਂ ਲੋਕ ਗਰਮੀ ਕਾਰਨ ਡਾਕਟਰੀ ਸਲਾਹ ਲੈਣ ਵਿੱਚ ਦੇਰੀ ਕਰਦੇ ਹਨ।

ਅਤਿ ਦੀ ਗਰਮੀ ਅਤੇ ਨਮੀ ਦੌਰਾਨ ਬੱਚੇ ਖਾਸ ਤੌਰ ‘ਤੇ ਕਮਜ਼ੋਰ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਦੇ ਪੀਡੀਆਟ੍ਰਿਕਸ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਸ਼ਸ਼ੀ ਕਾਂਤ ਧੀਰ ਨੇ ਚੇਤਾਵਨੀ ਦਿੱਤੀ ਹੈ ਕਿ ਨਵਜੰਮੇ ਅਤੇ ਛੋਟੇ ਬੱਚੇ ਇਨਫੈਕਸ਼ਨਾਂ ਲਈ ਖਾਸ ਤੌਰ ‘ਤੇ ਸੰਵੇਦਨਸ਼ੀਲ ਹੁੰਦੇ ਹਨ। ਡਾ. ਧੀਰ ਅਨੁਸਾਰ ਚਿਤਾਵਨੀ ਦੇ ਸੰਕੇਤਾਂ ਵਿੱਚ ਠੀਕ ਤਰ੍ਹਾਂ ਨਾ ਖਾਣਾ, ਵਾਰ-ਵਾਰ ਉਲਟੀਆਂ ਆਉਣਾ, ਤੇਜ਼ ਸਾਹ ਲੈਣਾ, ਡੀਹਾਈਡਰੇਸ਼ਨ, ਦੌਰੇ ਪੈਣਾ ਅਤੇ ਲਗਾਤਾਰ ਬੁਖਾਰ ਸ਼ਾਮਲ ਹੈ, ਜਿਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਡਾ. ਧੀਰ ਨੇ ਕਿਹਾ, “ਤਿੰਨ ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਵਿੱਚ ਕੋਈ ਵੀ ਬੁਖਾਰ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ।”

ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਸਰਕਾਰ ਦੀ ਫਲੈਗਸ਼ਿਪ ਸਿਹਤ ਸੰਭਾਲ ਪਹਿਲਕਦਮੀ ਨੇ ਇਸ ਦੇ ਸ਼ੁਰੂ ਹੋਣ ਦੇ ਤਿੰਨ ਮਹੀਨਿਆਂ ਦੇ ਅੰਦਰ ਹੀ ਲਾਭਪਾਤਰੀਆਂ ਨੂੰ 465.36 ਕਰੋੜ ਰੁਪਏ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਹੈ। ਇਹ ਲਗਭਗ 155 ਕਰੋੜ ਰੁਪਏ ਪ੍ਰਤੀ ਮਹੀਨਾ ਦੇ ਔਸਤ ਖਰਚ ਨੂੰ ਦਰਸਾਉਂਦਾ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, ਹੁਣ ਤੱਕ 42 ਲੱਖ ਤੋਂ ਵੱਧ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ, ਜਦੋਂ ਕਿ ਪ੍ਰੀ-ਆਥੋਰਾਈਜ਼ੇਸ਼ਨ ਮਨਜ਼ੂਰੀਆਂ ਤੋਂ ਬਾਅਦ 2.77 ਲੱਖ ਮਾਮਲਿਆਂ ਵਿੱਚ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਆਰਥੋਪੀਡਿਕ ਪ੍ਰਕਿਰਿਆਵਾਂ, ਖਾਸ ਤੌਰ ‘ਤੇ ਗੋਡਿਆਂ ਬਦਲਣ (knee replacements) ਵਿੱਚ ਵੀ ਵਾਧਾ ਹੋਇਆ ਹੈ ਅਤੇ ਹੁਣ ਤੱਕ ਲਗਭਗ 4,600 ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ।

Dailyhunt
Disclaimer: This content has not been generated, created or edited by Dailyhunt. Publisher: Punjabi Tribune