ਬਾਜਵਾ ਨੇ ਕਿਹਾ ਕਿ ਸਰਕਾਰ ਦੇ ਸਾਢੇ ਚਾਰ ਵਰ੍ਹਿਆਂ ਦੇ ਕਾਰਜਕਾਲ ਦੌਰਾਨ ਪੰਜਾਬ 'ਚ ਛੇ ਪੇਪਰ ਲੀਕ ਹੋਏ ਹਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰੋਕਣਾ ਚਾਹਿਆ ਪਰ ਵਿਰੋਧੀ ਧਿਰ ਨੇ ਫਾਰਮਾਸਿਸਟ ਭਰਤੀ ਪ੍ਰੀਖਿਆਵਾਂ ਸਮੇਤ ਕਈ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਦੇ ਕਥਿਤ ਮਾਮਲਿਆਂ 'ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੀ। ਵਿਰੋਧੀ ਧਿਰ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਵੈੱਲ 'ਚ ਚਲੇ ਗਏ ਜਿਸ ਦੇ ਜਵਾਬ 'ਚ ਹੁਕਮਰਾਨ ਧਿਰ ਦੇ ਮੈਂਬਰਾਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਰਕਾਰ ਤਰਫ਼ੋਂ ਪੱਖ ਰੱਖਣ ਦਾ ਯਤਨ ਕੀਤਾ। ਵਿਰੋਧੀ ਧਿਰ ਦੀ ਸਰਗਰਮੀ ਕਾਰਨ ਪ੍ਰਸ਼ਨ ਕਾਲ 'ਚ ਖ਼ਲਲ ਪੈ ਗਿਆ ਜਿਸ ਕਾਰਨ ਸਪੀਕਰ ਨੂੰ ਸਦਨ ਦੀ ਕਾਰਵਾਈ ਦਸ ਮਿੰਟ ਲਈ ਮੁਲਤਵੀ ਕਰਨੀ ਪਈ। ਬਾਜਵਾ ਨੇ ਕਿਹਾ ਕਿ 'ਆਪ' ਵੱਲੋਂ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਭਾਜਪਾ ਦੇ ਪੇਪਰ ਲੀਕ ਮਾਮਲੇ 'ਤੇ 'ਆਪ' ਸਵਾਲ ਚੁੱਕਦੀ ਹੈ ਤੇ ਖ਼ੁਦ ਆਪਣੇ ਮਾਮਲੇ 'ਤੇ ਪਾਸਾ ਵੱਟ ਰਹੀ ਹੈ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਮੁਅੱਤਲ ਚੱਲ ਰਹੇ ਕਾਂਗਰਸੀ ਵਿਧਾਇਕ ਸੰਦੀਪ ਜਾਖੜ ਨੇ ਵੀ ਪੇਪਰ ਲੀਕ ਮਾਮਲੇ 'ਤੇ ਕਾਂਗਰਸ ਦਾ ਸਾਥ ਦਿੱਤਾ।
ਕਾਂਗਰਸ ਗ਼ੈਰ-ਹਾਜ਼ਰ ਰਹੀ
ਵਿਰੋਧੀ ਧਿਰ ਕਾਂਗਰਸ ਵਿਧਾਨ ਸਭਾ 'ਚ ਪੇਪਰ ਲੀਕ ਮਾਮਲੇ 'ਤੇ ਰੌਲਾ ਪਾਉਣ ਮਗਰੋਂ ਪੂਰਾ ਸਮਾਂ ਸਦਨ 'ਚੋਂ ਗ਼ਾਇਬ ਰਹੀ। ਸਿਫ਼ਰ ਕਾਲ ਮੌਕੇ ਵੀ ਕੋਈ ਕਾਂਗਰਸੀ ਮੈਂਬਰ ਹਾਜ਼ਰ ਨਹੀਂ ਸੀ। ਕੇਂਦਰ ਸਰਕਾਰ ਖ਼ਿਲਾਫ਼ ਪਾਸ ਕੀਤੇ ਨਿੰਦਾ ਪ੍ਰਸਤਾਵ ਮੌਕੇ ਵੀ ਵਿਰੋਧੀ ਧਿਰ ਗ਼ੈਰ-ਹਾਜ਼ਰ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੀ ਗ਼ੈਰ-ਹਾਜ਼ਰੀ 'ਚ ਖਾਲੀ ਪਏ ਬੈਂਚਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਸੀਨ 2027 'ਚ ਹੋਵੇਗਾ।
ਸਪੀਕਰ ਸਾਹਿਬ! ਤੁਹਾਡਾ ਕੀ ਸਟੈਂਡ ਹੈ…
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਸ਼ਨ ਕਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਨੂੰ ਗੁਰੂ ਦੋਖੀ ਤੇ ਪੰਥ ਵਿਰੋਧੀ ਐਲਾਨਦਿਆਂ ਫ਼ਰਮਾਨ ਜਾਰੀ ਕੀਤਾ ਹੈ ਕਿ ਉਸ (ਮੁੱਖ ਮੰਤਰੀ) ਵੱਲ ਮੂੰਹ ਨਾ ਕੀਤਾ ਜਾਵੇ। ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸਵਾਲ ਕੀਤਾ ਕਿ 'ਤੁਸੀਂ ਅੰਮ੍ਰਿਤਧਾਰੀ ਸਿੱਖ ਹੋ, ਤੁਹਾਡਾ ਕੀ ਸਟੈਂਡ ਹੈ ਤੇ ਸਾਨੂੰ ਵੀ ਗਾਈਡ ਕਰੋ।' ਸਪੀਕਰ ਨੇ ਸੰਗਤ ਦੇ ਫ਼ੈਸਲੇ ਨੂੰ ਵੱਡਾ ਆਖ ਕੇ ਗਲ ਨੂੰ ਟਾਲ ਦਿੱਤਾ।
