ਪੰਜਾਬ ਵਿੱਚ ਮੀਂਹ ਕਾਰਨ ਬਿਜਲੀ ਮੰਗ ਦੀ ਘਟ ਕੇ 15,600 ਮੈਗਾਵਾਟ 'ਤੇ ਪਹੁੰਚ ਗਈ ਹੈ, ਜੋ ਕਹਿਰ ਦੀ ਗਰਮੀ ਕਾਰਨ 29 ਤੇ 30 ਜੂਨ ਨੂੰ 17 ਹਜ਼ਾਰ ਮੈਗਾਵਾਟ ਤੋਂ ਟੱਪ ਗਈ ਸੀ। ਹੁਣ ਝੋਨੇ ਦੀ ਲੁਆਈ ਜ਼ੋਰਾਂ 'ਤੇ ਹੋਣ ਦੇ ਬਾਵਜੂਦ ਬਿਜਲੀ ਦੀ ਮੰਗ 15,600 ਮੈਗਾਵਾਟ ਦੇ ਕਰੀਬ ਹੈ। ਹਾਲਾਂਕਿ ਵੱਖ-ਵੱਖ ਥਰਮਲ ਪਲਾਂਟਾਂ ਦੇ ਕੁੱਲ 15 ਵਿੱਚੋਂ 3 ਯੂਨਿਟ ਤਕਨੀਕੀ ਖਰਾਬੀ ਕਾਰਨ ਇਨੀਂ ਦਿਨੀਂ ਬੰਦ ਹੋਣ ਕਰ ਕੇ 12 ਯੂਨਿਟ ਹੀ ਬਿਜਲੀ ਦੀ ਪੈਦਾਵਾਰ ਕਰ ਰਹੇ ਹਨ ਪਰ ਫਿਰ ਵੀ ਪਾਵਰਕੌਮ ਬਿਜਲੀ ਦੀ ਮੰਗ ਦੀ ਪੂਰਤੀ ਦਾ ਦਾਅਵਾ ਕਰ ਰਿਹਾ ਹੈ।
ਬੰਦ ਤਿੰਨੋਂ ਯੂਨਿਟ 840 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਣ ਵਾਲੇ ਸਰਕਾਰੀ ਥਰਮਲ ਪਲਾਂਟ ਰੋਪੜ ਨਾਲ ਸਬੰਧਤ ਹਨ ਜਿਸ ਕਾਰਨ ਹੁਣ ਇੱਥੋਂ ਸਿਰਫ਼ 142 ਮੈਗਾਵਾਟ ਹੀ ਬਿਜਲੀ ਉਤਪਾਦਨ ਹੋ ਰਿਹਾ ਹੈ। ਲੰਘੀ ਰਾਤ ਤਕਨੀਕੀ ਖਰਾਬੀ ਕਾਰਨ ਇਸ ਪਲਾਂਟ ਦੇ ਬੰਦ ਹੋਏ ਯੂਨਿਟ ਨੰਬਰ 4 ਦੇ ਕੱਲ੍ਹ ਤੱਕ ਮੁੜ ਚੱਲਣ ਦੀ ਸੰਭਾਵਨਾ ਹੈ। ਯੂਨਿਟ ਨੰਬਰ 5 ਲੀਕੇਜ ਕਾਰਨ ਅਤੇ 6 ਨੰਬਰ ਯੂਨਿਟ ਬੁਆਇਲਰ ਟਿਊਬ ਲੀਕੇਜ ਹੋਣ ਕਾਰਨ ਬੰਦ ਹੈ। ਇਸ ਤਰ੍ਹਾਂ ਸਿਰਫ਼ 3 ਨੰਬਰ ਯੂਨਿਟ ਹੀ 142 ਮੈਗਾਵਾਟ ਬਿਜਲੀ ਬਣਾ ਰਿਹਾ ਹੈ। 800 ਮੈਗਾਵਾਟ ਦੀ ਸਮਰੱਥਾ ਵਾਲੇ ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ ਵੀ ਭਾਵੇਂ ਨੁਕਸ ਪੈ ਗਿਆ ਸੀ, ਪਰ ਹੁਣ ਇਸ ਦੇ ਚਾਰੇ ਯੂਨਿਟ ਚਾਲੂ ਹਨ ਅਤੇ ਇਹ 800 ਮੈਗਾਵਾਟ ਬਿਜਲੀ ਬਣਾ ਰਿਹਾ ਹੈ। ਸਰਕਾਰੀ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਭਾਵੇਂ 540 ਮੈਗਵਾਟ ਦੀ ਸਮਰੱਥਾ ਰੱਖਦਾ ਹੈ, ਪਰ ਇਸ ਵੇਲੇ ਇਸ ਦੇ ਦੋਵੇਂ ਯੂਨਿਟ ਚਾਲੂ ਹੋਣ ਦੇ ਬਾਵਜੂਦ ਇੱਥੋਂ 380 ਮੈਗਾਵਾਟ ਬਿਜਲੀ ਬਣ ਰਹੀ ਹੈ। ਇਸ ਤਰ੍ਹਾਂ ਸਰਕਾਰੀ ਥਰਮਲ ਪਲਾਂਟ ਕੁੱਲ 1,325 ਮੈਗਾਵਾਟ ਬਿਜਲੀ ਦੀ ਪੈਦਾਵਾਰ ਕਰ ਰਹੇ ਹਨ।
ਜਦਕਿ 1,400 ਮੈਗਾਵਾਟ ਵਾਲੇ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੇ ਸਾਰੇ ਯੂਨਿਟ ਚੱਲ ਰਹੇ ਹਨ, ਜਿੱਥੋਂ 1,330 ਮੈਗਾਵਾਟ ਦਾ ਉਤਪਾਦਨ ਹੋ ਰਿਹਾ ਹੈ। ਇਸੇ ਤਰ੍ਹਾਂ 1,980 ਮੈਗਾਵਾਟ ਦੀ ਸਮਰੱਥਾ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਤੋਂ 1,240 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਪਣ-ਬਿਜਲੀ ਪ੍ਰਾਜੈਕਟਾਂ (ਹਾਈਡ੍ਰੋ) ਤੋਂ 966 ਮੈਗਾਵਾਟ ਅਤੇ ਸੋਲਰ (ਸੌਰ ਊਰਜਾ) ਤੇ ਨਾਨ-ਸੋਲਰ ਤੋਂ 221 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ।
