ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (20/11) ਦੇ ਸੱਦੇ 'ਤੇ ਅੱਜ ਜਗਰਾਉਂ ਸਮੇਤ ਸੂਬੇ ਦੇ 18 ਡਿਪੂਆਂ ਵਿੱਚ ਕੱਚੇ ਮੁਲਾਜ਼ਮਾਂ ਵੱਲੋਂ ਬਾਅਦ ਦੁਪਹਿਰ ਮੁਕੰਮਲ ਹੜਤਾਲ ਕਰ ਕੇ ਚੱਕਾ ਜਾਮ ਕੀਤਾ ਗਿਆ। ਹਾਲਾਂਕਿ, ਇਹ ਹੜਤਾਲ ਲੰਮੀ ਨਹੀਂ ਚੱਲੀ ਅਤੇ ਧਰਨੇ ਦੌਰਾਨ ਦੁਪਹਿਰ ਬਾਅਦ ਤਿੰਨ ਵਜੇ ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ ਵਿੱਚ 15 ਫ਼ੀਸਦੀ ਵਾਧੇ ਵਾਲੀ ਮੰਗ ਲਾਗੂ ਕਰਨ ਦਾ ਭਰੋਸਾ ਮਿਲਣ ਮਗਰੋਂ ਯੂਨੀਅਨ ਨੇ ਹੜਤਾਲ ਤੁਰੰਤ ਵਾਪਸ ਲੈ ਲਈ ਹੈ।
ਇਸ ਤੋਂ ਪਹਿਲਾਂ ਜਗਰਾਉਂ ਡਿਪੂ ਵਿੱਚ ਹੋਈ ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾ ਜੁਆਇੰਟ ਸਕੱਤਰ ਜਲੌਰ ਸਿੰਘ ਗਿੱਲ ਨੇ ਬਿਆਨ ਰਾਹੀਂ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਵਫ਼ਾ ਨਹੀਂ ਕੀਤੇ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਠੇਕੇਦਾਰੀ ਸਿਸਟਮ ਬੰਦ ਕਰਨ ਦੇ ਆਪਣੇ ਵਾਅਦੇ ਤੋਂ ਉਲਟ ਚੱਲ ਰਹੀ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਬਹੁਤ ਘੱਟ ਤਨਖ਼ਾਹਾਂ ਦੇ ਕੇ ਪੱਕੇ ਮੁਲਾਜ਼ਮਾਂ ਨਾਲੋਂ ਵੱਧ ਕੰਮ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਰਜ਼ਾ ਚੁੱਕ ਕੇ ਵੋਟਾਂ ਵਟੋਰਨ ਲਈ ਪੈਸਾ ਪਾਣੀ ਵਾਂਗ ਵਹਾਅ ਰਹੀ ਹੈ, ਜਦਕਿ ਮਿਹਨਤਕਸ਼ ਲੋਕ ਹੱਕਾਂ ਲਈ ਸਾਢੇ ਚਾਰ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਹੜਤਾਲ ਦੌਰਾਨ ਜਿਵੇਂ ਹੀ ਤਿੰਨ ਵਜੇ ਮੰਗਾਂ ਮੰਨੇ ਜਾਣ ਦੀ ਖ਼ਬਰ ਆਈ, ਤਾਂ ਮੁਲਾਜ਼ਮਾਂ ਨੇ ਤੁਰੰਤ ਡਿਪੂ ਖੋਲ੍ਹਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਹਰਮਿੰਦਰ ਸਿੱਧੂ, ਡਿਪੂ ਪ੍ਰਧਾਨ ਦਵਿੰਦਰ ਸਿੰਘ ਭੀਮ, ਬੂਟਾ ਸਿੰਘ, ਜਸਪਾਲ ਸਿੰਘ, ਮੁਹੰਮਦ ਰਫ਼ੀ, ਜੱਜ ਸਿੰਘ, ਰਾਜ ਖਾਨ, ਜਗਦੇਵ ਸਿੰਘ, ਰਸਾਲ ਸਿੰਘ ਅਤੇ ਗੁਰਦੀਪ ਸਿੰਘ ਹਾਜ਼ਰ ਸਨ।
