Dailyhunt

ਰੌਣੀ ਵਾਸੀਆਂ ਵੱਲੋਂ ਖੰਨਾ-ਮਲੇਰਕੋਟਲਾ ਮੁੱਖ ਸੜਕ 'ਤੇ ਆਵਾਜਾਈ ਠੱਪ

ਅੱਜ ਖੰਨਾ-ਮਲੇਰਕੋਟਲਾ ਮੁੱਖ ਸੜਕ 'ਤੇ ਬੱਸਾਂ ਪਿੰਡ ਵਿੱਚ ਨਾ ਜਾਣ ਖ਼ਿਲਾਫ਼ ਰੌਣੀ ਵਾਸੀਆਂ ਨੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਲੰਘੇ ਵਰ੍ਹੇ ਦੀ 6 ਨਵੰਬਰ ਤੋਂ ਪਿੰਡ ਰੌਣੀ ਵਿੱਚ ਬੱਸ ਸੇਵਾ ਬੰਦ ਹੋਣ ਕਾਰਨ ਅੱਜ ਖੰਨਾ-ਮਾਲੇਰਕੋਟਲਾ ਮੁੱਖ ਸੜਕ 'ਤੇ ਜਰਗ ਬਿਜਲੀ ਗਰਿਡ ਨੇੜੇ ਵਿਸ਼ਾਲ ਧਰਨਾ ਲਗਾਇਆ ਗਿਆ। ਇਸ ਦੌਰਾਨ ਸਮੁੱਚੇ ਦੁਕਾਨਦਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੱਸ ਅਪਰੇਟਰਾਂ ਦੇ ਵਿਰੋਧ 'ਚ ਖੰਨਾ-ਮਾਲੇਰਕੋਟਲਾ ਮੁੱਖ ਸੜਕ ਦੀ ਆਵਾਜਾਈ ਐਂਬੂਲੈਂਸ ਸੇਵਾਵਾਂ ਨੂੰ ਛੱਡ ਕੇ ਮੁਕੰਮਲ ਤੌਰ 'ਤੇ 6-7 ਘੰਟੇ ਬੰਦ ਰੱਖੀ ਗਈ।

ਇਹ ਧਰਨਾ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਬਾਅਦ ਦੁਪਹਿਰ 3.30 ਵਜੇ ਤੱਕ ਚੱਲਿਆ, ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪਿਛਲੇ 5-6 ਮਹੀਨੇ ਤੋਂ ਪਿੰਡ ਰੌਣੀ ਵਿੱਚ ਆਉਣ-ਜਾਣ ਵਾਲੀਆਂ ਬੱਸਾਂ ਬੰਦ ਹੋਣ ਕਾਰਨ ਸਵਾਰੀਆਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸਭ ਤੋਂ ਵੱਧ ਪ੍ਰੇਸ਼ਾਨੀ ਪਿੰਡ ਦੀਆਂ ਲੜਕੀਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ 'ਚ ਬੱਸ ਸੇਵਾ ਬੰਦ ਹੋਣ ਕਾਰਨ ਆਲੇ ਦੁਆਲੇ ਸ਼ਹਿਰਾਂ 'ਚ ਜਾਣ ਵਾਲੇ ਲੋਕਾਂ ਅਤੇ ਵਿਦਿਆਰਥੀਆਂ ਨੂੰ 2-3 ਕਿਲੋਮੀਟਰ ਦੂਰ ਦੁਰਾਡੇ ਤੋਂ ਜਾ ਕੇ ਬੱਸ ਲੈਣੀ ਪੈ ਰਹੀ ਹੈ। ਅੱਜ ਪਿੰਡ ਵਾਸੀਆਂ ਵੱਲੋਂ ਪਹਿਲਾਂ ਇਹ ਧਰਨਾ ਜਰਗ ਰੌਣੀ ਜੌੜੇਪੁਲ ਟੀ-ਪੁਆਇੰਟ ਨੇੜੇ ਲਗਾਇਆ ਗਿਆ, ਪਰ ਬੱਸਾਂ ਵਾਲੇ ਜਰਗ ਤੋਂ ਵਾਇਆ ਭੁਰਥਲਾ ਮੰਡੇਰ ਹੋ ਕੇ ਜਾਣ ਲੱਗੇ ਤਾਂ ਇਹ ਧਰਨਾ ਬਿਜਲੀ ਗਰਿੱਡ ਜਰਗ ਕੋਲ ਲਗਾਇਆ ਗਿਆ। ਧਰਨੇ ਵਾਲੇ ਸਥਾਨ 'ਤੇ ਪੁੱਜੇ ਨਾਇਬ ਤਹਿਸੀਲਦਾਰ ਪਾਇਲ ਰਘਵੀਰ ਸਿੰਘ ਨੇ ਮੌਕੇ 'ਤੇ ਸਰਕਾਰੀ ਅਤੇ ਪ੍ਰਾਈਵੇਟ ਬੱਸ ਅਪਰੇਟਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕੀਤਾ ਅਤੇ ਪਿੰਡ ਰੌਣੀ ਵਾਸੀਆਂ ਵੱਲੋਂ ਬੱਸ ਅਪਰੇਟਰਾਂ ਨੂੰ ਲਿਖਤੀ ਵਿਸ਼ਵਾਸ ਦੁਆਇਆ ਗਿਆ ਕਿ ਬੱਸਾਂ ਦੇ ਦਾਖਲੇ ਸਮੇਂ ਆਉਂਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਪਿੰਡ ਰੌਣੀ ਵਾਲੀ ਸੜਕ ਦੀ ਹਾਲਤ ਖਸਤਾ ਹੋਣ ਕਰ ਕੇ ਬੱਸ ਅਪਰੇਟਰਾਂ ਵੱਲੋਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਸਨ, ਜਿਸ ਨੂੰ ਗ੍ਰਾਮ ਪੰਚਾਇਤ ਵੱਲੋਂ ਸਵਾਰੀਆਂ ਦੀ ਖੱਜਲ ਖੁਆਰੀ ਨੂੰ ਦੇਖਦਿਆਂ ਆਪਣੇ ਤੌਰ 'ਤੇ ਪੱਲਿਓ ਖਰਚਾ ਕਰ ਕੇ ਸੜਕ ਠੀਕ ਕਰਵਾਈ ਗਈ ਸੀ। ਅੱਜ ਧਰਨਾ ਚੁੱਕਣ ਅਤੇ ਬੱਸ ਆਪਰੇਟਰਾਂ ਨਾਲ ਸਮਝੌਤਾ ਹੋਣ ਤੋਂ ਤੁਰੰਤ ਬਾਅਦ ਪਿੰਡ ਰੌਣੀ ਵਿੱਚ ਬੱਸ ਸੇਵਾ ਬਹਾਲ ਹੋ ਗਈ , ਜਿਸ ਕਾਰਨ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ।

Dailyhunt
Disclaimer: This content has not been generated, created or edited by Dailyhunt. Publisher: Punjabi Tribune