Dailyhunt

ਰੇਲ ਲਾਈਨਾਂ ਵਿਚਾਲੇ ਘਿਰੇ ਸੰਤੋਖਪੁਰਾ ਵਾਸੀਆਂ ਨੇ ਰਸਤਾ ਮੰਗਿਆ

ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਨੇ ਸਥਾਨਕ ਮੁਹੱਲਾ ਸੰਤੋਖਪੁਰਾ ਦੇ ਵਸਨੀਕਾਂ ਲਈ ਰਸਤੇ ਦੀ ਮੰਗ ਨੂੰ ਲੈ ਕੇ ਐੱਸ ਡੀ ਐੱਮ ਨੂੰ ਮੰਗ ਪੱਤਰ ਸੌਂਪਿਆ। ਇਹ ਮੁਹੱਲਾ ਜਲੰਧਰ ਅਤੇ ਲੋਹੀਆਂ ਨੂੰ ਜਾਣ ਵਾਲੀਆਂ ਰੇਲਵੇ ਲਾਈਨਾਂ ਦੇ ਵਿਚਕਾਰ ਵਸਿਆ ਹੋਇਆ ਹੈ। ਦੋਵੇਂ ਰੇਲਵੇ ਲਾਈਨਾਂ ਦੇ ਵਿਚਕਾਰ ਆਬਾਦੀ ਹੋਣ ਕਾਰਨ ਇੱਥੇ ਚਾਰ ਪਹੀਆ ਵਾਹਨਾਂ ਦਾ ਆਉਣਾ-ਜਾਣਾ ਤਾਂ ਦੂਰ, ਮੋਟਰਸਾਈਕਲ ਵੀ ਰੇਲਵੇ ਲਾਈਨਾਂ ਤੋਂ ਚੁੱਕ ਕੇ ਹੀ ਪਾਰ ਕਰਵਾਉਣਾ ਪੈਂਦਾ ਹੈ।

ਇਸ ਕਾਰਨ ਖ਼ਾਸ ਕਰ ਕੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਹੱਲੇ ਵਿੱਚ ਕਰੀਬ 750 ਵੋਟਾਂ ਹਨ। ਲੋਕਾਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਇੱਥੋਂ ਵੋਟਾਂ ਤਾਂ ਪ੍ਰਾਪਤ ਕਰ ਲੈਂਦੀਆਂ ਹਨ ਪਰ ਬੁਨਿਆਦੀ ਮਸਲੇ ਹੱਲ ਕਰਵਾਉਣ ਵੱਲ ਕੋਈ ਧਿਆਨ ਨਹੀਂ ਦਿੰਦਾ। ਸਕੂਲੀ ਬੱਚਿਆਂ ਨੂੰ ਵੀ ਆਪਣੀ ਜਾਨ ਦਾਅ 'ਤੇ ਲਾ ਕੇ ਰੇਲਵੇ ਲਾਈਨਾਂ ਪਾਰ ਕਰਨੀਆਂ ਪੈਂਦੀਆਂ ਹਨ।
ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਮੱਖਣ ਸੰਗਰਾਮੀ, ਐਡਵੋਕੇਟ ਬਲਦੇਵ ਸਾਹਨੀ ਅਤੇ ਗਗਨਦੀਪ ਫਿਲੌਰ ਦੀ ਅਗਵਾਈ ਹੇਠ ਐੱਸ ਡੀ ਐੱਮ ਫਿਲੌਰ ਦੀਪਕ ਭਾਟੀਆ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ, ਸੂਬਾ ਖ਼ਜ਼ਾਨਚੀ ਐਡਵੋਕੇਟ ਅਜੈ ਫਿਲੌਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ ਐੱਸ ਡੀ ਐੱਮ ਨਾਲ ਵਿਸਥਾਰ ਵਿੱਚ ਚਰਚਾ ਕੀਤੀ। ਆਗੂਆਂ ਨੇ ਦੱਸਿਆ ਕਿ ਗੱਲਬਾਤ ਬਹੁਤ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਐੱਸ ਡੀ ਐੱਮ ਨੇ ਭਰੋਸਾ ਦਿਵਾਇਆ ਕਿ ਦਸ ਦਿਨਾਂ ਦੇ ਅੰਦਰ ਇਸ ਮਸਲੇ ਦਾ ਸਾਰਥਕ ਹੱਲ ਕੱਢਿਆ ਜਾਵੇਗਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune