Dailyhunt

ਰਿਸ਼ਵਤ ਦੇ ਦੋਸ਼ ਹੇਠ ਚਾਰ ਅਧਿਕਾਰੀ ਕਾਬੂ

ਸੀ ਬੀ ਆਈ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏ ਐੱਸ ਆਈ) ਦੇ ਦੋ ਅਧਿਕਾਰੀਆਂ ਨੂੰ ਇੱਕ ਅਧਿਕਾਰਤ ਨੋਟਿਸ ਵਾਪਸ ਲੈਣ ਅਤੇ ਕੰਮ ਜਾਰੀ ਰੱਖਣ ਦੀ ਇਜਾਜ਼ਤ ਦੇਣ ਬਦਲੇ ਕਥਿਤ ਤੌਰ 'ਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਦੱਸਿਆ ਕਿ ਜੰਤਰ-ਮੰਤਰ ਸਥਿਤ ਏ ਐੱਸ ਆਈ ਦੇ ਸਬ-ਸਰਕਲ ਵਿੱਚ ਤਾਇਨਾਤ ਇੱਕ ਸਮਾਰਕ ਸਹਾਇਕ ਤੇ ਇੱਕ ਸੰਭਾਲ ਸਹਾਇਕ (ਕੰਜ਼ਰਵੇਸ਼ਨ ਅਸਿਸਟੈਂਟ) ਵਿਰੁੱਧ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ।

ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਅਟੈਂਡੈਂਟ ਨੇ ਸੰਭਾਲ ਸਹਾਇਕ ਦੇ ਕਹਿਣ ਉਤੇ 'ਨੋਟਿਸ ਰੱਦ ਕਰਨ' ਅਤੇ ਕੰਮ ਜਾਰੀ ਰੱਖਣ ਦੇ ਬਦਲੇ ਸ਼ਿਕਾਇਤਕਰਤਾ ਤੋਂ 3,50,000 ਰੁਪਏ ਦੀ ਗੈਰ-ਕਾਨੂੰਨੀ ਰਿਸ਼ਵਤ ਦੀ ਮੰਗ ਕੀਤੀ ਸੀ। ਇੱਕ ਬਿਆਨ ਅਨੁਸਾਰ, ਗੱਲਬਾਤ ਤੋਂ ਬਾਅਦ ਮੁਲਜ਼ਮ 3.10 ਲੱਖ ਰੁਪਏ ਲੈਣ ਲਈ ਸਹਿਮਤ ਹੋ ਗਏ ਅਤੇ ਸ਼ਿਕਾਇਤਕਰਤਾ ਨੂੰ ਪਹਿਲੇ ਭੁਗਤਾਨ ਵਜੋਂ 1 ਲੱਖ ਰੁਪਏ ਦੇਣ ਲਈ ਕਿਹਾ। ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ, ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਪਹਿਲੀ ਅਪਰੈਲ ਨੂੰ ਜਾਲ ਵਿਛਾਇਆ ਅਤੇ ਸਮਾਰਕ ਅਟੈਂਡੈਂਟ ਨੂੰ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਕੁੱਲ ਰਕਮ 3.10 ਲੱਖ ਰੁਪਏ ਵਿੱਚੋਂ 1,00,000 ਰੁਪਏ ਦੀ ਪਹਿਲੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ। ਕਾਰਵਾਈ ਦੌਰਾਨ ਜੰਤਰ-ਮੰਤਰ ਸਬ-ਸਰਕਲ ਦੇ ਸੰਭਾਲ ਸਹਾਇਕ ਦੀ ਭੂਮਿਕਾ ਵੀ ਸਾਹਮਣੇ ਆਈ, ਜਿਸ ਤੋਂ ਬਾਅਦ ਦੋਵਾਂ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇੱਕ ਵੱਖਰੇ ਮਾਮਲੇ ਵਿੱਚ, ਏਜੰਸੀ ਨੇ ਦਿੱਲੀ ਨਗਰ ਨਿਗਮ (ਐਮ ਸੀ ਡੀ) ਦੇ ਸ਼ਾਹਦਰਾ ਨਾਰਥ ਜ਼ੋਨ ਦੇ ਇੱਕ ਜੂਨੀਅਰ ਇੰਜੀਨੀਅਰ ਅਤੇ ਇੱਕ ਬੇਲਦਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਤੇ ਕਥਿਤ ਤੌਰ 'ਤੇ ਤੋੜ-ਭੰਨ੍ਹ ਦੀ ਕਾਰਵਾਈ ਨੂੰ ਰੋਕਣ ਲਈ ਇੱਕ ਸ਼ਿਕਾਇਤਕਰਤਾ ਤੋਂ 80,000 ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune