ਯੂਕਰੇਨ ਵਿੱਚ ਬੁੱਧਵਾਰ ਨੂੰ ਰਾਤ ਵੇਲੇ ਹੋਏ ਰੂਸੀ ਹਮਲਿਆਂ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਇੱਕ ਮੌਤ ਰਾਜਧਾਨੀ ਕੀਵ ਵਿੱਚ ਹੋਈ, ਜਿੱਥੇ ਲਗਾਤਾਰ ਦੂਜੀ ਰਾਤ ਜ਼ੋਰਦਾਰ ਧਮਾਕੇ ਸੁਣੇ ਗਏ। ਅੱਧੀ ਰਾਤ ਤੋਂ ਕੁਝ ਦੇਰ ਬਾਅਦ ਹੀ ਕਈ ਧਮਾਕਿਆਂ ਦੀ ਆਵਾਜ਼ ਸੁਣੀ ਗਈ, ਜਿਸ ਮਗਰੋਂ ਅਧਿਕਾਰੀਆਂ ਨੇ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ।
ਇਹ ਘਟਨਾਕ੍ਰਮ ਕਾਫੀ ਅਸਾਧਾਰਨ ਸੀ ਕਿਉਂਕਿ ਆਮ ਤੌਰ 'ਤੇ ਹਮਲਿਆਂ ਤੋਂ ਪਹਿਲਾਂ ਚਿਤਾਵਨੀ ਦਿੱਤੀ ਜਾਂਦੀ ਹੈ, ਤਾਂ ਜੋ ਆਮ ਨਾਗਰਿਕਾਂ ਨੂੰ ਸੁਰੱਖਿਅਤ ਥਾਂ ਲੱਭਣ ਦਾ ਸਮਾਂ ਮਿਲ ਸਕੇ। ਖਾਰਕੀਵ ਦੇ ਮੇਅਰ ਇਹੋਰ ਤੇਰੇਖੋਵ ਅਨੁਸਾਰ, ਉੱਥੇ ਰਾਤ ਭਰ ਹੋਏ ਕਈ ਹਮਲਿਆਂ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਯੂਕਰੇਨ ਦੀ ਹਵਾਈ ਸੈਨਾ ਦਾ ਕਹਿਣਾ ਹੈ ਕਿ ਰੂਸ ਨੇ ਬੀਤੀ ਰਾਤ ਦੇਸ਼ 'ਤੇ 169 ਲੰਬੀ ਦੂਰੀ ਦੇ ਡਰੋਨ ਅਤੇ ਪੰਜ ਬੈਲਿਸਟਿਕ ਮਿਜ਼ਾਈਲਾਂ ਸਣੇ ਸੱਤ ਮਿਜ਼ਾਈਲਾਂ ਦਾਗੀਆਂ।
ਹਵਾਈ ਰੱਖਿਆ ਪ੍ਰਣਾਲੀ ਨੇ 139 ਡਰੋਨਾਂ ਨੂੰ ਮਾਰ ਡੇਗਿਆ ਜਾਂ ਜਾਮ ਕਰ ਦਿੱਤਾ ਅਤੇ ਦੋ ਐਂਟੀ-ਰਾਡਾਰ ਮਿਜ਼ਾਈਲਾਂ ਆਪਣੇ ਨਿਸ਼ਾਨੇ ਤੱਕ ਨਹੀਂ ਪਹੁੰਚ ਸਕੀਆਂ। ਹਵਾਈ ਸੈਨਾ ਨੇ ਦੱਸਿਆ ਕਿ ਸਾਰੀਆਂ ਪੰਜ ਬੈਲਿਸਟਿਕ ਮਿਜ਼ਾਈਲਾਂ ਅਤੇ 20 ਡਰੋਨਾਂ ਨੇ 15 ਥਾਵਾਂ ਨੂੰ ਨਿਸ਼ਾਨਾ ਬਣਾਇਆ, ਜੋ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ 'ਤੇ ਲਗਾਤਾਰ ਵਧ ਰਹੇ ਦਬਾਅ ਨੂੰ ਦਰਸਾਉਂਦਾ ਹੈ। ਦੂਜੇ ਪਾਸੇ, ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਕੀਵ ਵਿੱਚ ਹਥਿਆਰ ਉਦਯੋਗ ਦੇ ਟਿਕਾਣਿਆਂ 'ਤੇ ਰਾਤ ਭਰ ਹਮਲੇ ਕੀਤੇ। ਇਸ ਦੌਰਾਨ ਫਲੇਮਿੰਗੋ ਕਰੂਜ਼ ਮਿਜ਼ਾਈਲਾਂ ਦੇ ਪੁਰਜ਼ੇ ਬਣਾਉਣ ਵਾਲੇ ਪਲਾਂਟ ਅਤੇ ਮੱਧਮ ਤੇ ਲੰਮੀ ਦੂਰੀ ਦੇ ਡਰੋਨ ਅਸੈਂਬਲ ਕਰਨ ਵਾਲੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਗਿਆ। ਮੰਤਰਾਲੇ ਨੇ ਇਹ ਦਾਅਵਾ ਵੀ ਕੀਤਾ ਕਿ ਮੰਗਲਵਾਰ ਦੇਰ ਰਾਤ ਤੋਂ ਬੁੱਧਵਾਰ ਸਵੇਰ ਤੱਕ ਉਨ੍ਹਾਂ ਦੀ ਹਵਾਈ ਰੱਖਿਆ ਨੇ 415 ਯੂਕਰੇਨੀ ਡਰੋਨ ਡੇਗੇ।
