Dailyhunt Logo
  • Light mode
    Follow system
    Dark mode
    • Play Story
    • App Story

ਸਫਲਤਾ ਦੀ ਪੌੜੀ

ਬਾਲ ਕਹਾਣੀ

ਨਜੋਤ ਹੁਰੀਂ ਤਿੰਨ ਭੈਣ-ਭਰਾ ਸਨ। ਮਨਜੋਤ ਸੱਤਵੀਂ ਵਿੱਚ, ਉਸ ਤੋਂ ਛੋਟਾ ਪੰਜਵੀਂ 'ਚ ਤੇ ਸਭ ਤੋਂ ਛੋਟੀ ਭੈਣ ਦੂਜੀ ਜਮਾਤ ਵਿੱਚ ਪੜ੍ਹਦੀ ਸੀ। ਮਨਜੋਤ ਸ਼ਾਂਤ ਸੁਭਾਅ ਵਾਲਾ ਤੇ ਆਗਿਆਕਾਰੀ ਲੜਕਾ ਸੀ। ਉਸ ਦੇ ਪਿਤਾ ਦੀ ਸ਼ਹਿਰ ਵਿੱਚ ਕਰਿਆਨੇ ਦੀ ਦੁਕਾਨ ਸੀ। ਇੱਕ ਦਿਨ ਦੁਕਾਨ ਤੋਂ ਵਾਪਸ ਪਰਤਦਿਆਂ ਕੋਈ ਕਾਰ ਵਾਲਾ ਮਨਜੋਤ ਦੇ ਪਾਪਾ ਨੂੰ ਫੇਟ ਮਾਰ ਗਿਆ ਸੀ।

ਸਿਰ ਵਿੱਚ ਸੱਟ ਲੱਗਣ ਕਰਕੇ ਉਨ੍ਹਾਂ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ ਸੀ। ਸਾਰੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ।
ਪਾਪਾ ਦੀ ਮੌਤ ਤੋਂ ਬਾਅਦ ਮਨਜੋਤ ਗੁੰਮਸੁਮ ਰਹਿਣ ਲੱਗ ਪਿਆ ਸੀ। ਸਕੂਲ ਜਾਣ ਨੂੰ ਉਸ ਦਾ ਬਿਲਕੁਲ ਮਨ ਨਾ ਕਰਦਾ। ਸਾਰਾ ਦਿਨ ਚੁੱਪਚਾਪ ਰਹਿੰਦਾ, ਕਿਸੇ ਨਾਲ ਕੋਈ ਗੱਲ ਨਾ ਕਰਦਾ। ਸਾਰਿਆਂ ਨੂੰ ਉਸ ਦੀ ਫ਼ਿਕਰ ਹੋਣ ਲੱਗੀ। ਮਨਜੋਤ ਦੇ ਨਾਨਾ-ਨਾਨੀ ਨੇ ਫ਼ੈਸਲਾ ਕੀਤਾ ਕਿ ਉਹ ਮਨਜੋਤ ਨੂੰ ਆਪਣੇ ਕੋਲ ਲੈ ਜਾਣਗੇ ਤੇ ਉੱਥੇ ਹੀ ਪੜ੍ਹਨ ਲਾ ਦੇਣਗੇ। ਨਾਨਾ-ਨਾਨੀ ਤੇ ਮਾਮਾ-ਮਾਮੀ ਨਾਲ ਵੀ ਉਸ ਦਾ ਬਹੁਤ ਪਿਆਰ ਸੀ।
ਸੱਤਵੀਂ ਜਮਾਤ ਪਾਸ ਕਰਨ ਤੋਂ ਬਾਅਦ ਮਨਜੋਤ ਆਪਣੇ ਨਾਨਕੇ ਪਿੰਡ ਚਲਾ ਗਿਆ। ਪਿੰਡ ਵਿੱਚ ਪ੍ਰਾਇਮਰੀ ਸਕੂਲ ਹੋਣ ਕਰਕੇ ਮਨਜੋਤ ਨੂੰ ਨਾਲ ਦੇ ਪਿੰਡ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉਸ ਦੇ ਨਾਨਾ ਨੇ ਉਸ ਨੂੰ ਸਕੂਲ ਜਾਣ ਵਾਸਤੇ ਨਵਾਂ ਸਾਈਕਲ ਲੈ ਕੇ ਦਿੱਤਾ। ਮਨਜੋਤ ਹਰ ਰੋਜ਼ ਸਾਈਕਲ ਉੱਪਰ ਸਕੂਲ ਜਾਂਦਾ। ਪਿੰਡ ਦੇ ਦੂਸਰੇ ਪਾਸੇ ਤੋਂ ਰਾਜਵੀਰ ਨਾਂ ਦਾ ਮੁੰਡਾ ਉਸ ਦਾ ਜਮਾਤੀ ਸੀ। ਹੌਲੀ-ਹੌਲੀ ਦੋਵੇਂ ਦੋਸਤ ਬਣ ਗਏ ਤੇ ਇਕੱਠੇ ਹੀ ਸਕੂਲ ਜਾਂਦੇ। ਸਕੂਲ ਤੋਂ ਆ ਕੇ ਮਨਜੋਤ ਹਰ ਗੱਲ ਆਪਣੇ ਨਾਨਾ-ਨਾਨੀ ਨਾਲ ਸਾਂਝੀ ਕਰਦਾ ਸੀ ਜਿਵੇਂ ਸਕੂਲ ਬਾਰੇ, ਪੜ੍ਹਾਈ ਬਾਰੇ, ਦੂਸਰੇ ਬੱਚਿਆਂ ਬਾਰੇ ਆਦਿ।
ਦਿਨ ਲੰਘਦੇ ਗਏ, ਮਨਜੋਤ ਦੇ ਪੇਪਰ ਨੇੜੇ ਆ ਗਏ। ਭਾਵੇਂ ਪੇਪਰ ਕੱਚੇ ਸਨ, ਪਰ ਇਹ ਉਸ ਦੀ ਕਾਰਗੁਜ਼ਾਰੀ ਦੀ ਪਰਖ ਸਨ। ਪੇਪਰ ਖ਼ਤਮ ਹੋਣ ਤੋਂ ਬਾਅਦ ਜਮਾਤਾਂ ਵਿੱਚ ਪੇਪਰ ਵਿਖਾਏ ਗਏ। ਮਨਜੋਤ ਦੀ ਜਮਾਤ ਨੂੰ ਵੀ ਕਦੇ ਕਿਸੇ ਵਿਸ਼ੇ ਦਾ ਪੇਪਰ ਮਿਲਦਾ, ਕਦੇ ਕਿਸੇ ਵਿਸ਼ੇ ਦਾ। ਮਨਜੋਤ ਘਰ ਆ ਕੇ ਆਪਣੇ ਨੰਬਰਾਂ ਬਾਰੇ ਸਾਰਿਆਂ ਨੂੰ ਦੱਸਦਾ। ਹਿਸਾਬ ਵਿਸ਼ੇ ਦਾ ਪੇਪਰ ਮਿਲਣਾ ਹੀ ਬਾਕੀ ਸੀ। ਬਾਕੀ ਸਾਰੇ ਵਿਸ਼ਿਆਂ ਵਿੱਚੋਂ ਉਸ ਦੇ ਨੰਬਰ ਵਧੀਆ ਸਨ। ਜਦੋਂ ਹਿਸਾਬ ਦਾ ਪੇਪਰ ਮਿਲਿਆ ਤਾਂ ਇਸ ਪੇਪਰ ਵਿੱਚੋਂ ਉਸ ਦੇ ਨੰਬਰ ਬਾਕੀ ਵਿਸ਼ਿਆਂ ਦੇ ਮੁਕਾਬਲੇ ਕਾਫ਼ੀ ਘੱਟ ਸਨ। ਮਨਜੋਤ ਨੰਬਰ ਵੇਖ ਕੇ ਬਹੁਤ ਉਦਾਸ ਹੋਇਆ। ਉਸ ਦੇ ਮਨ ਵਿੱਚ ਸੀ ਕਿ ਮਾਮਾ-ਮਾਮੀ ਤੇ ਨਾਨਾ-ਨਾਨੀ ਕੀ ਸੋਚਣਗੇ ?
ਛੁੱਟੀ ਤੋਂ ਬਾਅਦ ਘਰ ਪਰਤਦੇ ਸਮੇਂ ਉਸ ਦਾ ਦੋਸਤ ਰਾਜਵੀਰ ਬੋਲਿਆ, ''ਵੇਖ ਮਨਜੋਤ ਤੇਰੇ ਤਾਂ ਨੰਬਰ ਹੀ ਘੱਟ ਹਨ, ਪਰ ਮੈਂ ਤਾਂ ਹਿਸਾਬ 'ਚੋਂ ਫੇਲ੍ਹ ਆ। ਤੈਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ, ਮੇਰੇ ਕੋਲ ਇੱਕ ਰਸਤਾ ਹੈ।''
''ਕੀ ਰਸਤਾ ?'' ਮਨਜੋਤ ਬੋਲਿਆ ?
''ਆਪਾਂ ਨੰਬਰ ਘਰ ਵੱਧ ਦੱਸ ਦਿੰਦੇ ਹਾਂ। ਘਰਵਾਲਿਆਂ ਨੇ ਆ ਕੇ ਕਿਹੜਾ ਪੇਪਰ ਵੇਖਣੇ ਨੇ ? ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ। ਤੇਰਾ ਤਾਂ ਪੱਕਾ ਉਨ੍ਹਾਂ ਨੇ ਸੱਚ ਮੰਨ ਹੀ ਲੈਣਾ, ਨਾਲੇ ਤੇਰੇ ਉੱਪਰ ਤਾਂ ਨਾਨਾ-ਨਾਨੀ ਏਨਾ ਵਿਸ਼ਵਾਸ ਕਰਦੇ ਨੇ।''
''ਨਹੀਂ ਇਹ ਗ਼ਲਤ ਗੱਲ ਆ। ਮੈਂ ਝੂਠ ਹਰਗਿਜ਼ ਨਹੀਂ ਬੋਲਾਗਾਂ, ਚਾਹੇ ਕੁਝ ਵੀ ਹੋ ਜਾਵੇ।''
''ਚੱਲ ਫਿਰ ਖਾ ਲਵੀਂ ਘਰਦਿਆਂ ਤੋਂ ਗਾਲ੍ਹਾਂ।'' ਇਹ ਕਹਿ ਕੇ ਰਾਜਵੀਰ ਨੇ ਸਾਈਕਲ ਤੇਜ਼ ਕਰ ਲਿਆ ਤੇ ਮਨਜੋਤ ਨੂੰ ਕਾਫ਼ੀ ਪਿੱਛੇ ਛੱਡ ਗਿਆ।
ਘਰ ਪਹੁੰਚ ਕੇ ਮਨਜੋਤ ਨੇ ਸਭ ਕੁਝ ਸੱਚ ਦੱਸ ਦਿੱਤਾ ਕਿ ਉਸ ਨੂੰ ਹਿਸਾਬ ਵਿੱਚੋਂ ਕਿੰਨੇ ਨੰਬਰ ਆਏ ਨੇ, ਨਾਲ ਹੀ ਰਾਜਵੀਰ ਦੀ ਕਹੀ ਗੱਲ ਵੀ ਦੱਸ ਦਿੱਤੀ। ਇਹ ਸੁਣ ਕੇ ਉਸ ਦੇ ਨਾਨਾ ਜੀ ਬੋਲੇ ''ਪੁੱਤਰ ਸਮਝਦਾਰ ਇਨਸਾਨ ਉਹੀ ਹੈ ਜੋ ਆਪਣੀਆਂ ਕਮੀਆਂ ਨੂੰ ਪਛਾਣਦਾ ਹੈ ਤੇ ਦੂਰ ਕਰਦਾ ਹੈ। ਤੇਰੇ ਹਿਸਾਬ ਵਿਸ਼ੇ ਵਿੱਚੋਂ ਨੰਬਰ ਘੱਟ ਹਨ, ਇਹ ਵਿਸ਼ਾ ਤੇਰਾ ਧਿਆਨ ਤੇ ਹੋਰ ਸਮਾਂ ਮੰਗਦਾ ਹੈ। ਇਸ ਨੂੰ ਜ਼ਿਆਦਾ ਪੜ੍ਹ ਤਾਂ ਕਿ ਤੇਰੀ ਇਸ ਵਿਸ਼ੇ 'ਤੇ ਪਕੜ ਮਜ਼ਬੂਤ ਬਣ ਸਕੇ। ਦੂਸਰੀ ਗੱਲ, ਮੈਨੂੰ ਤੇਰੇ 'ਤੇ ਮਾਣ ਹੈ ਕਿ ਤੂੰ ਸੱਚ ਬੋਲਿਆ ਤੇ ਸਾਡੇ ਵਿਸ਼ਵਾਸ ਦੀ ਲਾਜ ਰੱਖੀ। ਜੋਤ ਪੁੱਤਰ, ਕਮੀਆਂ ਨੂੰ ਲੁਕੋ ਕੇ ਨਹੀਂ ਸਗੋਂ ਸੁਧਾਰ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਸੱਚਾਈ, ਇਮਾਨਦਾਰੀ, ਮਿਹਨਤ ਤੇ ਭਰੋਸਾ ਸਫਲਤਾ ਦੀ ਪੌੜੀ ਦੇ ਟੰਬੇ ਹਨ। ਜਦੋਂ ਵੀ ਕਾਮਯਾਬ ਹੋਵਾਂਗੇ, ਇਨ੍ਹਾਂ ਟੰਬਿਆਂ 'ਤੇ ਚੱਲ ਕੇ ਹੀ ਹੋਵਾਂਗੇ। ਇਸ ਲਈ ਇਹ ਗੁਣ ਹਮੇਸ਼ਾ ਜ਼ਿੰਦਗੀ ਵਿੱਚ ਅਪਣਾ ਕੇ ਰੱਖਣੇ ਹਨ।''
ਕੁਝ ਮਹੀਨਿਆਂ ਬਾਅਦ ਜਦੋਂ ਅੱਠਵੀਂ ਜਮਾਤ ਦਾ ਨਤੀਜਾ ਆਇਆ ਤਾਂ ਮਨਜੋਤ ਪੂਰੇ ਜ਼ਿਲ੍ਹੇ ਵਿੱਚੋਂ ਫਸਟ ਆ ਕੇ ਸਫਲਤਾ ਦੀ ਪੌੜੀ ਦੇ ਸਿਖਰ ਵੱਲ ਨੂੰ ਵਧ ਰਿਹਾ ਸੀ।
ਸੰਪਰਕ: 94630-90470

Dailyhunt
Disclaimer: This content has not been generated, created or edited by Dailyhunt. Publisher: Punjabi Tribune