ਇੱਥੋਂ ਦੀ ਛੱਤ ਟਰੈਫਿਕ ਲਾਈਟ 'ਤੇ ਅੱਜ ਤੜਕੇ ਹਿਮਾਚਲ ਤੋਂ ਦਿੱਲੀ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਪਲਟ ਗਈ ਅਤੇ ਉਸ ਵਿੱਚ ਸਵਾਰ ਕਰੀਬ 45 ਵਿੱਚੋਂ 20 ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਡੇਰਾਬੱਸੀ ਅਤੇ ਚੰਡੀਗੜ੍ਹ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਕ ਨੌਜਵਾਨ ਨੂੰ ਗੰਭੀਰ ਸੱਟਾਂ ਵੱਜੀਆਂ ਹਨ, ਜਿਸ ਦੀ ਹਾਲਤ ਨਾਜ਼ੁਕ ਹੈ।
ਪੁਲੀਸ ਨੇ ਨੁਕਸਾਨੇ ਵਾਹਨ ਕਬਜ਼ੇ ਵਿੱਚ ਲੈ ਕੇ ਸਵਾਰੀਆਂ ਦੇ ਬਿਆਨ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਿਮਾਚਲ ਦੇ ਮਨਾਲੀ ਬੱਸ ਸਵਾਰੀਆਂ ਨੂੰ ਲੈ ਕੇ ਦਿੱਲੀ ਵੱਲ ਜਾ ਰਹੀ ਸੀ। ਇਸ ਦੌਰਾਨ ਜਦ ਤੜਕੇ ਬੱਸ ਪੌਣੇ ਚਾਰ ਵਜੇ ਛੱਤ ਲਾਈਟਾਂ 'ਤੇ ਪਹੁੰਚੀ ਤਾਂ ਜ਼ੀਰਕਪੁੁਰ ਤੋਂ ਪਟਿਆਲਾ ਵੱਲ ਜਾ ਰਹੇ ਟਰੱਕ ਨਾਲ ਇਸ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਟੱਕਰ ਮਗਰੋਂ ਬੱਸ ਪਲਟ ਗਈ। ਸਵਾਰੀਆਂ ਸੀਟਾਂ ਨਾਲ ਟਕਰਾਅ ਕੇ ਇਕ-ਦੂਜੇ ਦੇ ਹੇਠਾਂ ਦੱਬ ਗਈਆਂ। ਸਥਾਨਕ ਲੋਕਾਂ ਨੇ ਪੁਲੀਸ ਦੀ ਮਦਦ ਨਾਲ ਸਵਾਰੀਆਂ ਨੂੰ ਬਾਹਰ ਕੱਢ ਦੇ ਵੱਖ-ਵੱਖ ਹਸਪਤਾਲ 'ਚ ਪਹੁੰਚਾਇਆ। ਹਾਦਸੇ ਤੋਂ ਬਾਅਦ ਦੋ ਘੰਟੇ ਬੱਸ ਸੜਕ 'ਤੇ ਹੀ ਪਲਟੀ ਰਹੀ ਅਤੇ ਕਾਫੀ ਲੰਮਾ ਜਾਮ ਲੱਗ ਗਿਆ। ਪੁਲੀਸ ਨੇ ਦੋ ਘੰਟੇ ਮਗਰੋਂ ਨੁਕਸਾਨੀ ਬੱਸ ਨੂੰ ਕ੍ਰੇਨ ਦੀ ਮਦਦ ਨਾਲ ਸਿੱਧਾ ਕਰ ਕੇ ਸੜਕ 'ਤੇ ਆਵਾਜਾਈ ਬਹਾਲ ਕੀਤੀ।
ਜ਼ਖ਼ਮੀਆਂ ਦੀ ਸ਼ਨਾਖਤ ਮਿਸ਼ਾਲ ਵਾਸੀ ਕੇਰਲਾ, ਸੂਰਜ ਵਾਸੀ ਬਿਹਾਰ, ਰਾਹੁਲ ਵਾਸੀ ਮੁੰਬਈ, ਗੁਲਸ਼ਨ ਵਾਸੀ ਹਰਿਆਣਾ, ਸਿਆ ਵਾਸੀ ਕਰਨਾਲ, ਮੋਏ ਵਾਸੀ ਕੇਰਲਾ, ਮੌਸਮ ਵਾਸੀ ਕੇਰਲਾ, ਬਿਲਾਲ ਵਾਸੀ ਕੇਰਲਾ, ਹਿਤੇਸ਼ ਕਟਾਰੀਆ ਵਾਸੀ ਮੱਧ ਪ੍ਰਦੇਸ਼, ਅਜਮਲ ਵਾਸੀ ਕੇਰਲਾ, ਰੌਸ਼ਨ ਵਾਸੀ ਕੇਰਲਾ, ਰਾਹੁਲ ਵਾਸੀ ਕੇਰਲਾ ਦੇ ਰੂਪ ਵਿੱਚ ਹੋਈ ਹੈ। ਥਾਣਾ ਮੁਖੀ ਸਤਿੰਦਰ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਦੇ ਆਧਾਰ 'ਤੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
