Dailyhunt Logo
  • Light mode
    Follow system
    Dark mode
    • Play Story
    • App Story

ਸੂਬੇ ਵਿੱਚ ਮੁੜ ਚਰਚਾ 'ਚ ਆਇਆ 'ਢਿੱਲੋਂ ਪਰਿਵਾਰਾਂ' ਦਾ ਵੱਡਾ ਇਤਿਹਾਸ

ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਢਿੱਲੋ ਤੋਂ ਬਾਅਦ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।ਭਾਰਤੀ ਜਨਤਾ ਪਾਰਟੀ (BJP) ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ, ਸੂਬੇ ਦੀ ਸਿਆਸਤ ਅਤੇ ਸਮਾਜ ਵਿੱਚ ਇੱਕ ਵਾਰ ਫਿਰ 'ਢਿੱਲੋਂ' ਗੋਤ ਦੀ ਇਤਿਹਾਸਕ ਵਿਰਾਸਤ ਦੀ ਚਰਚਾ ਛਿੜ ਗਈ ਹੈ।

ਪੰਜਾਬ ਦੇ ਸਭ ਤੋਂ ਪ੍ਰਮੁੱਖ ਅਤੇ ਰਸੂਖ਼ਦਾਰ ਜੱਟ ਪਰਿਵਾਰਾਂ ਵਿੱਚੋਂ ਇੱਕ, ਢਿੱਲੋਂ ਭਾਈਚਾਰੇ ਦਾ ਸੂਬੇ ਦੇ ਸਿਆਸੀ, ਸਮਾਜਿਕ ਅਤੇ ਸੱਭਿਆਚਾਰਕ ਤਾਣੇ-ਬਾਣੇ ਵਿੱਚ ਹਮੇਸ਼ਾ ਵੱਡਾ ਦਬਦਬਾ ਰਿਹਾ ਹੈ। ਬਰਨਾਲਾ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਕੇਵਲ ਸਿੰਘ ਢਿੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੂਨ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ। ਪੰਜਾਬ ਦੀ ਸਿਆਸਤ ਵਿੱਚ ਬੇਹੱਦ ਪ੍ਰਭਾਵਸ਼ਾਲੀ ਹਸਤੀ ਵਜੋਂ ਜਾਣੇ ਜਾਂਦੇ ਕੇਵਲ ਸਿੰਘ ਇਸ ਸ਼ਾਨਦਾਰ ਵਿਰਾਸਤ ਨੂੰ ਅੱਗੇ ਵਧਾਉਣ ਵਾਲੀ ਤਾਜ਼ਾ ਕੜੀ ਹਨ।

ਭੰਗੀ ਮਿਸਲ ਅਤੇ ਮਾਲਵਾ ਖੇਤਰ ਨਾਲ ਜੁੜੀਆਂ ਜੜ੍ਹਾਂ

ਇਤਿਹਾਸਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਢਿੱਲੋਂ ਭਾਈਚਾਰੇ ਦੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਬੇਹੱਦ ਮਜ਼ਬੂਤ ਪਕੜ ਰਹੀ ਹੈ। ਇਹ ਭਾਈਚਾਰਾ ਇਤਿਹਾਸਕ ਤੌਰ 'ਤੇ ਜ਼ਮੀਨਾਂ ਦੇ ਮਾਲਕ ਅਤੇ ਇੱਕ ਲੜਾਕੂ (ਮਾਰਸ਼ਲ) ਕੌਮ ਵਜੋਂ ਜਾਣਿਆ ਜਾਂਦਾ ਰਿਹਾ ਹੈ। 18ਵੀਂ ਸਦੀ ਵਿੱਚ ਸਿੱਖ ਇਤਿਹਾਸ ਦੀ ਪ੍ਰਮੁੱਖ 'ਭੰਗੀ ਮਿਸਲ' 'ਤੇ ਵੀ ਢਿੱਲੋਂ ਸਰਦਾਰਾਂ ਦਾ ਰਾਜ ਸੀ। ਇਨ੍ਹਾਂ ਦੀਆਂ ਜੜ੍ਹਾਂ ਹਿੰਦ-ਆਰੀਆ ਕਬੀਲਿਆਂ ਅਤੇ ਪੰਜਾਬ ਵਿੱਚ ਵਸਣ ਤੋਂ ਪਹਿਲਾਂ ਰਾਜਸਥਾਨ ਦੇ ਜੋਧਪੁਰ ਖੇਤਰ ਨਾਲ ਵੀ ਜੋੜੀਆਂ ਜਾਂਦੀਆਂ ਹਨ।

ਬਾਦਲ ਪਰਿਵਾਰ ਵੀ ਹੈ 'ਢਿੱਲੋਂ' ਵਿਰਾਸਤ ਦਾ ਹਿੱਸਾ

ਪੰਜਾਬ ਦੀ ਸਿਆਸਤ ਵਿੱਚ ਢਿੱਲੋਂ ਗੋਤ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਨਾਮ 'ਬਾਦਲ ਪਰਿਵਾਰ' ਹੈ। 1970 ਤੋਂ 2017 ਦਰਮਿਆਨ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਅਸਲ ਵਿੱਚ ਢਿੱਲੋਂ ਹੀ ਸਨ। ਉਹ ਘੱਟੋ-ਘੱਟ 10 ਵਾਰ ਵਿਧਾਨ ਸਭਾ ਲਈ ਚੁਣੇ ਗਏ। ਅਪਰੈਲ 2023 ਵਿੱਚ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ, ਉਨ੍ਹਾਂ ਦੇ ਸਪੁੱਤਰ ਅਤੇ ਸੂਬੇ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਆਗੂ ਵਜੋਂ ਇਸ ਵਿਰਾਸਤ ਨੂੰ ਸੰਭਾਲ ਰਹੇ ਹਨ।

ਡੇਰਾ ਬਿਆਸ ਦੇ ਮੁਖੀ ਵੀ 'ਢਿੱਲੋਂ'

ਦੇਸ਼-ਵਿਦੇਸ਼ ਵਿੱਚ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦੇ ਕੇਂਦਰ ਅਤੇ ਪੰਜਾਬ ਦੇ ਸਭ ਤੋਂ ਵੱਡੇ ਡੇਰਿਆਂ ਵਿੱਚੋਂ ਇੱਕ, 'ਰਾਧਾ ਸੁਆਮੀ ਸਤਿਸੰਗ ਬਿਆਸ' ਦੇ ਅਧਿਆਤਮਕ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਇਸੇ ਕਬੀਲੇ ਨਾਲ ਸਬੰਧ ਰੱਖਦੇ ਹਨ। ਹਾਲਾਂਕਿ ਇਹ ਡੇਰਾ ਸਿੱਧੇ ਤੌਰ 'ਤੇ ਕਿਸੇ ਸਿਆਸੀ ਪਾਰਟੀ ਵੱਲ ਝੁਕਾਅ ਨਹੀਂ ਰੱਖਦਾ, ਪਰ ਚੋਣਾਂ ਦੌਰਾਨ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਬਾਬਾ ਜੀ ਦਾ ਆਸ਼ੀਰਵਾਦ ਲੈਣ ਲਈ ਲਾਈਨਾਂ ਵਿੱਚ ਲੱਗੇ ਨਜ਼ਰ ਆਉਂਦੇ ਹਨ।

ਪੰਜਾਬ ਸਿਆਸਤ ਦੇ ਕਈ ਹੋਰ 'ਢਿੱਲੋਂ' ਚਿਹਰੇ

ਕੇਵਲ ਸਿੰਘ ਢਿੱਲੋਂ ਅਤੇ ਬਾਦਲ ਪਰਿਵਾਰ ਤੋਂ ਇਲਾਵਾ, ਪੰਜਾਬ ਦੀ ਸਿਆਸਤ ਵਿੱਚ ਕਈ ਹੋਰ ਢਿੱਲੋਂ ਆਗੂਆਂ ਦਾ ਵੱਡਾ ਨਾਮ ਹੈ:

ਸ਼ਰਨਜੀਤ ਸਿੰਘ ਢਿੱਲੋਂ: ਅਕਾਲੀ ਦਲ ਸਰਕਾਰ (2007-2017) ਦੌਰਾਨ ਸੂਬੇ ਦੇ ਸਿੰਚਾਈ ਮੰਤਰੀ ਰਹੇ।

ਹਰਦੀਪ ਸਿੰਘ 'ਡਿੰਪੀ' ਢਿੱਲੋਂ: ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ (AAP) ਦੇ ਮੌਜੂਦਾ ਵਿਧਾਇਕ।

ਕੁਲਦੀਪ ਸਿੰਘ 'ਕਾਲਾ' ਢਿੱਲੋਂ: ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ।

ਅਮਰੀਕ ਸਿੰਘ ਢਿੱਲੋਂ: ਸਮਰਾਲਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ।

ਕੁਸ਼ਲਦੀਪ ਸਿੰਘ 'ਕੀਕੀ' ਢਿੱਲੋਂ: ਫਰੀਦਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ।

ਗਾਇਕੀ ਅਤੇ ਫ਼ਿਲਮੀ ਪਰਦੇ 'ਤੇ ਵੀ ਢਿੱਲੋਂਆਂ ਦੀ ਚੜ੍ਹਤ

ਸਿਆਸਤ ਤੋਂ ਹਟ ਕੇ ਜੇਕਰ ਮਨੋਰੰਜਨ ਜਗਤ ਦੀ ਗੱਲ ਕਰੀਏ, ਤਾਂ ਉੱਥੇ ਵੀ ਢਿੱਲੋਂ ਨਾਮ ਦਾ ਸਿੱਕਾ ਚੱਲਦਾ ਹੈ। ਕੈਨੇਡਾ ਮੂਲ ਦੇ ਮਸ਼ਹੂਰ ਭਾਰਤੀ ਗਾਇਕ ਅਤੇ ਕੌਮਾਂਤਰੀ ਸਟਾਰ ਏਪੀ ਢਿੱਲੋਂ (AP Dhillon), ਬੌਲੀਵੁੱਡ ਦੀ ਬੀਤੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਪੂਨਮ ਢਿੱਲੋਂ ਅਤੇ ਪੰਜਾਬੀ ਸਿਨੇਮਾ ਦੇ ਦਿੱਗਜ ਕਾਮੇਡੀ ਅਦਾਕਾਰ ਬੀਨੂ ਢਿੱਲੋਂ ਨੇ ਆਪੋ-ਆਪਣੇ ਖੇਤਰਾਂ ਵਿੱਚ ਇਸ ਨਾਮ ਦਾ ਪਰਚਮ ਪੂਰੀ ਦੁਨੀਆ ਵਿੱਚ ਲਹਿਰਾਇਆ ਹੈ।

Dailyhunt
Disclaimer: This content has not been generated, created or edited by Dailyhunt. Publisher: Punjabi Tribune