Dailyhunt Logo
  • Light mode
    Follow system
    Dark mode
    • Play Story
    • App Story

Shopkeeper Murder: ਦੁਕਾਨਦਾਰ ਦੀ ਹੱਤਿਆ ਨੂੰ ਲੈ ਕੇ ਕਰਿਆਣਾ ਯੂਨੀਅਨ ਦਾ ਤਿੱਖਾ ਪ੍ਰਤੀਕਰਮ

ਲੰਘੇ ਕੱਲ੍ਹ ਕਸਬਾ ਮੱਖੂ ਵਿਖੇ ਕਰਿਆਣਾ ਸਟੋਰ ਦੇ ਮਾਲਕ ਗੁਰਚਰਨ ਸਿੰਘ ਕਾਲਾ ਗਾਬਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਉੱਤੇ ਪੰਜਾਬ ਕਰਿਆਣਾ ਯੂਨੀਅਨ ਨੇ ਆਪਣਾ ਤਿੱਖਾ ਪ੍ਰਤੀਕਰਮ ਦਿੱਤਾ ਹੈ। ਪੰਜਾਬ ਹੋਲਸੇਲ ਅਤੇ ਰਿਟੇਲ ਕਰਿਆਣਾ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਮੋਦ ਗੁਪਤਾ ਧੂਰੀ, ਸੂਬਾ ਮੀਤ ਪ੍ਰਧਾਨ ਬਲਦੇਵ ਰਾਜ ਗੱਖੜ, ਸੂਬਾ ਸੈਕਟਰੀ ਅਮਿਤ ਕਾਠਪਾਲ, ਜ਼ਿਲ੍ਹਾ ਮੀਤ ਪ੍ਰਧਾਨ ਭੁਪੇਸ਼ ਕੁਮਾਰ ਗਰਗ ਅਤੇ ਮੱਖੂ ਮੰਡੀ ਦੇ ਪ੍ਰਧਾਨ ਹੀਰਾ ਖੁਰਾਣਾ ਨੇ ਸਾਂਝੇ ਤੌਰ 'ਤੇ ਕਿਹਾ ਹੈ ਕਿ ਪੰਜਾਬ ਸਰਕਾਰ ਖੁੱਲ੍ਹੇ ਬਾਜ਼ਾਰਾਂ ਵਿੱਚ ਬੈਠੇ ਦੁਕਾਨਦਾਰਾਂ ਦੀ ਸੁਰੱਖਿਆ ਪੱਖੋਂ ਪੂਰੀ ਤਰ੍ਹਾਂ ਅਵੇਸਲੀ ਹੈ ਅਤੇ ਇਸੇ ਨਾਕਾਮੀ ਸਦਕਾ ਹੀ ਮੱਖੂ ਵਾਲੀ ਇਹ ਮੰਦਭਾਗੀ ਘਟਨਾ ਵਾਪਰੀ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਦੁਕਾਨਦਾਰਾਂ ਦੀ ਸੁਰੱਖਿਆ ਹਰ ਹਾਲ ਵਿੱਚ ਯਕੀਨੀ ਬਣਾਉਣੀ ਚਾਹੀਦੀ ਹੈ।

ਵਪਾਰੀ ਵਰਗ ਵਿੱਚ ਬੇਚੈਨੀ ਦਾ ਮਾਹੌਲ

ਯੂਨੀਅਨ ਆਗੂਆਂ ਨੇ ਕਿਹਾ ਕਿ ਅਜਿਹੀਆਂ ਖ਼ੂਨੀ ਘਟਨਾਵਾਂ ਸਦਕਾ ਦੁਕਾਨਦਾਰ ਅਤੇ ਵਪਾਰੀ ਵਰਗ ਵਿੱਚ ਦਿਨ-ਬ-ਦਿਨ ਬੇਚੈਨੀ ਦਾ ਮਾਹੌਲ ਬਣਦਾ ਜਾ ਰਿਹਾ ਹੈ, ਜਿਸ ਕਾਰਨ ਸਰਕਾਰ ਨੂੰ ਹੁਣ ਦੁਕਾਨਦਾਰਾਂ ਦੇ ਹਿੱਤਾਂ ਅਤੇ ਜਾਨ-ਮਾਲ ਦੀ ਰਾਖੀ ਲਈ ਠੋਸ ਕਦਮ ਚੁੱਕਣ ਦੀ ਤੁਰੰਤ ਲੋੜ ਹੈ।

ਆਗੂਆਂ ਨੇ ਚਿੰਤਾ ਪ੍ਰਗਟ ਕਰਦਿਆਂ ਇਹ ਵੀ ਕਿਹਾ ਕਿ ਕਰਿਆਣਾ ਕਾਰੋਬਾਰ ਵਿੱਚ ਉਧਾਰ ਅਤੇ ਲੈਣ-ਦੇਣ ਦੀਆਂ ਸਮੱਸਿਆਵਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਅਜਿਹੇ ਹਾਲਾਤ ਵਿੱਚ ਗਾਹਕਾਂ ਅਤੇ ਦੁਕਾਨਦਾਰਾਂ ਦੀ ਆਪਸੀ ਤਕਰਾਰਬਾਜ਼ੀ ਵੀ ਕਈ ਵਾਰ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਜਨਮ ਦੇਣ ਵਿੱਚ ਸਹਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਗਾਹਕਾਂ ਦੇ ਨਹੁੰ-ਮਾਸ ਦੇ ਰਿਸ਼ਤੇ ਨੂੰ ਮਜ਼ਬੂਤ ਰੱਖਣਾ ਹੀ ਪੰਜਾਬ ਦੀ ਆਰਥਿਕਤਾ ਅਤੇ ਖ਼ੁਸ਼ਹਾਲੀ ਲਈ ਬੇਹੱਦ ਜ਼ਰੂਰੀ ਹੈ।

ਉੱਚ ਪੱਧਰੀ ਜਾਂਚ ਅਤੇ ਮੁਆਵਜ਼ੇ ਦੀ ਮੰਗ

ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਸੋਂ ਮੰਗ ਕੀਤੀ ਹੈ ਕਿ ਮੱਖੂ ਵਿਖੇ ਵਾਪਰੀ ਇਸ ਹੱਤਿਆ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਪੀੜਤ ਪਰਿਵਾਰ ਲਈ ਤੁਰੰਤ ਢੁਕਵੀਂ ਆਰਥਿਕ ਸਹਾਇਤਾ (ਮੁਆਵਜ਼ਾ) ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ।

Dailyhunt
Disclaimer: This content has not been generated, created or edited by Dailyhunt. Publisher: Punjabi Tribune