Dailyhunt Logo
  • Light mode
    Follow system
    Dark mode
    • Play Story
    • App Story

ਸਿੱਖਿਆ ਦੇ ਦੀਪ ਦਾ ਚਾਨਣ ਵੰਡਦੀਆਂ ਧੀਆਂ

ਰੀਕ ਸੀ ਪਿਛਲੀ 31 ਮਈ, ਜਦੋਂ ਚੰਡੀਗੜ੍ਹ ਦਾ ਟੈਗੋਰ ਥੀਏਟਰ ਹੋਣਹਾਰ ਵਿਦਿਆਰਥੀਆਂ ਨਾਲ ਖਚਾਖਚ ਭਰਿਆ ਹੋਇਆ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਸਾਰੇ ਜ਼ਿਲ੍ਹਿਆਂ ਦੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਉਸ ਦਿਨ ਸਮਾਗਮ 'ਸਿਤਾਰੇ ਜ਼ਮੀਨ 'ਤੇ' ਰੱਖਿਆ ਗਿਆ ਸੀ।

ਮੰਚ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੈਠੇ ਹੋਏ ਸਨ ਅਤੇ ਡਾਇਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਮਾਈਕ ਸੰਭਾਲਿਆ ਹੋਇਆ ਸੀ। ਸ੍ਰੀ ਸਿਸੋਦੀਆ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦੇਣ ਲਈ ਦਸਵੀਂ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਨੂੰ ਮਾਈਕ ਦਿੱਤਾ ਗਿਆ। ਸਵਾਲ ਸੀ ਕਿ ਜੇਕਰ ਤੁਹਾਨੂੰ ਇੱਕ ਦਿਨ ਲਈ ਸਿੱਖਿਆ ਮੰਤਰੀ ਬਣਾਇਆ ਜਾਵੇ ਤਾਂ ਤੁਸੀਂ ਕੀ ਤਬਦੀਲੀ ਕਰਨੀ ਚਾਹੋਗੇ? ਗਗਨਦੀਪ ਕੌਰ ਬਾਬਾ ਬਕਾਲਾ ਦੇ ਪਿੰਡ ਨਵਾਂ ਤਨੇਲ ਦੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਦਸਵੀਂ ਪਾਸ ਕਰਨ ਵਾਲੀ ਵਿਦਿਆਰਥਣ ਹੈ, ਜਿਸ ਨੇ ਆਪਣੇ ਹੀ ਸਕੂਲ ਦੀਆਂ ਦੋ ਹੋਰ ਵਿਦਿਆਰਥਣਾਂ ਤਨਵੀਰ ਕੌਰ ਅਤੇ ਰਾਜਪ੍ਰੀਤ ਕੌਰ ਨਾਲ ਅੰਮ੍ਰਿਤਸਰ ਜ਼ਿਲ੍ਹੇ 'ਚੋਂ ਫਸਟ ਪੁਜ਼ੀਸ਼ਨ ਹਾਸਲ ਕੀਤੀ ਹੈ। ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਇਸ ਮੌਕੇ ਗਗਨਦੀਪ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇੱਕ ਨਿਯਮ ਬਾਰੇ ਸਵਾਲ ਉਠਾਇਆ। ਉਸ ਨੇ ਮੁੱਖ ਮੰਤਰੀ ਤੋਂ ਇਹ ਪੁੱਛ ਲਿਆ ਕਿ ਤਿੰਨੋਂ ਵਿਦਿਆਰਥਣਾਂ ਇੱਕੋ ਜਿੰਨੇ ਨੰਬਰ ਲੈ ਕੇ ਜ਼ਿਲ੍ਹੇ ਵਿੱਚੋਂ ਫਸਟ ਆਈਆਂ ਹਨ, ਪਰ ਉਮਰ ਸਬੰਧੀ 'ਟਾਈਬ੍ਰੇਕਰ ਨਿਯਮ' ਦੇ ਆਧਾਰ 'ਤੇ ਇਨ੍ਹਾਂ ਵਿੱਚੋਂ ਸਭ ਤੋਂ ਛੋਟੀ ਤਨਵੀਰ ਕੌਰ ਨੂੰ ਹੀ ਫਸਟ ਰੈਂਕ ਦਿੱਤਾ ਗਿਆ ਹੈ ਅਤੇ ਉਸ ਨੂੰ ਤੇ ਰਾਜਪ੍ਰੀਤ ਕੌਰ ਨੂੰ ਸੈਕਿੰਡ ਤੇ ਥਰਡ ਰੈਂਕ ਦਿੱਤਾ ਗਿਆ ਹੈ, ਹਾਲਾਂਕਿ ਉਨ੍ਹਾਂ ਦੋਵਾਂ ਨੇ ਵੀ ਓਨੀ ਹੀ ਮਿਹਨਤ ਕੀਤੀ ਹੈ।
ਉਹ ਮੁੱਖ ਮੰਤਰੀ ਨੂੰ ਮੁਖਾਤਿਬ ਸੀ, ''ਸਰ, ਅਸੀਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਈਆਂ ਹਾਂ ਅਤੇ ਅਸੀਂ ਤਿੰਨੋਂ ਇੱਕੋ ਕਲਾਸ ਵਿੱਚ ਪੜ੍ਹਦੀਆਂ ਹਾਂ ਅਤੇ ਸਾਡੀ ਤਿੰਨਾਂ ਦੀ ਡਿਸਟ੍ਰਿਕਟ ਵਿੱਚੋਂ ਫਸਟ ਪੁਜ਼ੀਸ਼ਨ ਐ। ਪਰ ਇੱਥੇ ਅਸੀਂ ਤਿੰਨੋਂ ਫਸਟ, ਸੈਕਿੰਡ ਅਤੇ ਥਰਡ ਹਾਂ ਕਿਉਂਕਿ ਸਾਡੇ ਵਿੱਚ ਏਜ ਡਿਫਰੈਂਸ ਹੈ।'' ਮੁੱਖ ਮੰਤਰੀ ਨੇ ਉਸ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਂਦਿਆਂ ਅਜੇ ਉਸੇ ਦੇ ਸ਼ਬਦਾਂ 'ਏਜ ਡਿਫਰੈਂਸ ਹੈ' ਨੂੰ ਦੁਹਰਾਇਆ ਹੀ ਸੀ ਕਿ ਮੁੱਖ ਮੰਤਰੀ ਦੇ ਅੱਗਿਓਂ ਕੁਝ ਬੋਲਣ ਤੋਂ ਪਹਿਲਾਂ ਹੀ ਉਸ ਦਾ ਕਹਿਣਾ ਸੀ, ''ਅਸੀਂ ਕਲਾਸ 'ਚ ਸੇਮ ਮਿਹਨਤ ਕਰਦੇ ਆਂ ਅਤੇ ਸੇਮ ਪੜ੍ਹਦੇ ਆਂ।''
ਮੁੱਖ ਮੰਤਰੀ ਨੇ ਅੱਗੋਂ ਏਨਾ ਹੀ ਕਿਹਾ, ''ਸਾਡੇ ਲਈ ਤੁਸੀਂ ਤਿੰਨੋਂ ਹੀ ਫਸਟ ਹੋ, ਪਰ…।'' ਉਸ ਨੇ 'ਪਰ' ਤੋਂ ਅੱਗੇ ਮੁੱਖ ਮੰਤਰੀ ਦਾ ਫਿਕਰਾ ਪੂਰਾ ਹੋਣ ਤੋਂ ਪਹਿਲਾਂ ਹੀ ਉਸੇ 'ਪਰ' ਤੋਂ ਜਵਾਬੀ ਫਿਕਰਾ ਦਾਗਦਿਆਂ ਕਿਹਾ, ''ਪਰ ਸਟੇਜ 'ਤੇ ਤਾਂ ਸਿਰਫ਼ ਇੱਕ ਬੱਚੇ ਨੂੰ ਬੁਲਾਇਆ ਗਿਆ ਨਾ, ਜੀਹਦੀ ਸਿਰਫ਼ ਏਜ ਛੋਟੀ ਸੀ।''
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਹਰ ਕੋਈ ਜਾਣਦਾ ਹੈ ਕਿ ਗੱਲਾਂ ਵਿੱਚ ਉਹ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦੇ। ਟੀ ਵੀ ਚੈਨਲਾਂ ਦੇ ਵੱਡੇ ਵੱਡੇ ਐਂਕਰ ਆਪਣੇ ਮੂਹਰੇ ਬੈਠੇ ਕਿਸੇ ਵੀ ਸਿਆਸਤਦਾਨ ਨੂੰ ਆਪਣੇ ਸਵਾਲਾਂ ਦੀਆਂ ਗੁਗਲੀਆਂ ਨਾਲ 'ਕਲੀਨ ਬੋਲਡ' ਕਰ ਦਿੰਦੇ ਹਨ, ਪਰ ਭਗਵੰਤ ਮਾਨ ਉਨ੍ਹਾਂ ਗੁਗਲੀਆਂ 'ਤੇ ਵੀ ਅਕਸਰ ਛੱਕੇ ਹੀ ਮਾਰਦੇ ਨੇ। ਪੱਖਪਾਤੀ ਨਿਯਮ ਬਾਰੇ ਇਸ ਨਿੱਕੀ ਬੱਚੀ ਵੱਲੋਂ ਪੁੱਛੇ ਗਏ ਸਵਾਲ ਨੇ ਆਪਣੀ ਹਾਜ਼ਰ-ਜਵਾਬੀ ਲਈ ਜਾਣੇ ਜਾਂਦੇ ਮੁੱਖ ਮੰਤਰੀ ਨੂੰ ਲਾਜਵਾਬ ਕਰ ਦਿੱਤਾ ਸੀ। ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਅਜਿਹੇ ਸਨ ਜਿਵੇਂ ਜਵਾਬ ਦੇਣ ਲਈ ਖ਼ੁਦ ਨਾਲ ਖੌਝਲ ਰਹੇ ਹੋਣ।
ਉਸ ਬੱਚੀ ਦਾ ਸਵਾਲ ਵਾਕਈ ਵੱਡਾ ਸੀ। ਮੁੱਖ ਮੰਤਰੀ ਮੁਸਕਰਾ ਰਹੇ ਸਨ। ਇਸੇ ਦੌਰਾਨ ਮਨੀਸ਼ ਸਿਸੋਦੀਆ ਨੇ ਵਿਦਿਆਰਥਣ ਵੱਲੋਂ ਦਲੇਰੀ ਨਾਲ ਸਵਾਲ ਪੁੱਛਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਸ 'ਤੇ ਮਾਣ ਹੈੈ। ਇਸ ਮੌਕੇ ਮੁੱਖ ਮੰਤਰੀ ਨੇ ਇੱਕ ਤਰ੍ਹਾਂ ਗਗਨਦੀਪ ਦੇ ਸਵਾਲ ਦਾ ਜਵਾਬ ਦਿੰਦਿਆਂ ਮੰਚ 'ਤੇ ਬੈਠੇ ਬੈਠੇ ਉੱਚ ਸਿੱਖਿਆ ਅਧਿਕਾਰੀ ਵੱਲ ਮੂੰਹ ਕਰ ਕੇ ਕਿਹਾ, ''ਮੈਂ ਇਨ੍ਹਾਂ ਨੂੰ ਕਹਿੰਦਾ ਰਿਹਾ ਕਿ ਤੁਸੀਂ ਤਿੰਨਾਂ ਨੂੰ ਫਸਟ ਕਿਉਂ ਨਹੀਂ ਕੱਢਦੇ?'' ਮੁੱਖ ਮੰਤਰੀ ਨੇ ਤਾਂ ਬਣਨ ਵਾਲੀਆਂ ਸੰਭਾਵੀ ਸੁਰਖੀਆਂ 'ਤਿੰਨ ਕੁੜੀਆਂ ਨੇ ਮਾਰੀ ਬਾਜ਼ੀ', 'ਤਿੰਨ ਕੁੜੀਆਂ ਆਈਆਂ ਪਹਿਲੇ ਨੰਬਰ 'ਤੇ' ਵੀ ਸੁਝਾਅ ਦਿੱਤੀਆਂ, ਪਰ ਇਨ੍ਹਾਂ ਗੱਲਾਂ ਨਾਲ ਗਗਨਦੀਪ ਦੀ ਤਸੱਲੀ ਨਾ ਹੋਈ। ਉਸ ਦਾ ਸਵਾਲ ਸੀ, ''ਸਰ, ਇਹ ਡਿਫਰੈਂਸ ਕਿਉਂ? ਅਸੀਂ ਸਾਰੇ ਬਰਾਬਰ ਪੜ੍ਹਦੇ ਹਾਂ ਅਤੇ ਸਾਨੂੰ ਬਰਾਬਰ ਨੰਬਰ ਆਏ ਨੇ ਤਾਂ ਬਰਾਬਰ ਹੀ ਇੱਥੇ ਸਾਨੂੰ ਪ੍ਰਾਈਜ਼ ਮਿਲਣਾ ਚਾਹੀਦਾ ਸੀ।''
ਗਗਨਦੀਪ ਦੀ ਗੱਲ ਸਹੀ ਸੀ, ਜਿਸ ਨਾਲ ਸਹਿਮਤ ਹੁੰਦਿਆਂ ਉਸੇ ਵੇਲੇ ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਜ਼ੁਬਾਨੀ ਤੌਰ 'ਤੇ ਨਿਰਦੇਸ਼ ਦਿੱਤੇ ਕਿ ਨੰਬਰਾਂ ਦੇ ਆਧਾਰ 'ਤੇ ਇਨ੍ਹਾਂ ਤਿੰਨਾਂ ਦਾ ਰੈਂਕ ਫਸਟ ਹੀ ਹੋਵੇਗਾ ਅਤੇ ਭਵਿੱਖ ਵਿੱਚ ਉਮਰ ਦੇ ਆਧਾਰ 'ਤੇ ਕਿਸੇ ਵੀ ਬੱਚੇ ਨਾਲ ਵਿਤਕਰਾ ਨਹੀਂ ਹੋਵੇਗਾ। ਉਸ ਬੱਚੀ ਨਾਲ ਕੀਤੇ ਗਏ ਵਾਅਦੇ ਅਤੇ ਦਿੱਤੇ ਗਏ ਭਰੋਸੇ ਨੂੰ ਪੂਰਾ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ 9 ਜੂਨ ਨੂੰ ਬਾਕਾਇਦਾ ਮੀਟਿੰਗ ਕਰ ਕੇ 'ਟਾਈਬ੍ਰੇਕਰ' ਨਿਯਮ ਨੂੰ ਬਦਲ ਦਿੱਤਾ।
ਲੰਮੇ ਸਮੇਂ ਤੋਂ ਬੋਰਡ ਵਿੱਚ ਇਹ ਨਿਯਮ ਚਲਿਆ ਆ ਰਿਹਾ ਸੀ ਅਤੇ ਉਮਰ ਦੇ ਆਧਾਰ 'ਤੇ ਇੱਕੋ ਜਿਹੇ ਨੰਬਰ ਲੈਣ ਵਾਲੇ ਬੱਚਿਆਂ ਨਾਲ ਵਿਤਕਰਾ ਹੁੰਦਾ ਰਿਹਾ
ਸੀ, ਪਰ ਇਸ ਵਾਰ ਸਹੀ ਮੰਚ 'ਤੇ, ਸਹੀ ਸਮੇਂ 'ਤੇ ਆਤਮ-ਵਿਸ਼ਵਾਸ ਨਾਲ ਭਰੀ ਇੱਕ ਵਿਦਿਆਰਥਣ ਨੇ ਜ਼ੋਰਦਾਰ ਢੰਗ ਨਾਲ ਇਹ ਮਸਲਾ ਉਠਾਇਆ ਅਤੇ ਅੰਤ ਸਿੱਖਿਆ ਬੋਰਡ ਨੂੰ ਆਪਣਾ ਇਹ ਨਿਯਮ ਬਦਲਣਾ ਪਿਆ।
ਇਹ ਨਿਯਮ ਬਦਲੇ ਜਾਣ ਮਗਰੋਂ ਮੇਰੇ ਮਨ ਵਿੱਚ ਉਤਸੁਕਤਾ ਸੀ ਕਿ ਉਸ ਵਿਦਿਆਰਥਣ ਨਾਲ ਗੱਲ ਕਰ ਕੇ ਪੁੱਛਾਂ ਕਿ ਕਿਵੇਂ ਉਸ ਨੇ ਭਰੇ ਸਮਾਗਮ ਵਿੱਚ ਇਹ ਸਵਾਲ ਪੁੱਛ ਲਿਆ ਜਦੋਂਕਿ ਕਈ ਵਾਰੀ ਵੱਡੇ ਵੱਡੇ ਲੋਕ ਔਖੇ ਸਵਾਲ ਪੁੱਛਣ ਤੋਂ ਝਿਜਕ ਜਾਂਦੇ ਨੇ? ਸੱਚ ਜਾਣਿਓ, ਉਸ ਮੰਚ 'ਤੇ ਹੀ ਨਹੀਂ, ਮੇਰੇ ਵੱਲੋਂ ਪੁੱਛੇ ਸਵਾਲ ਦੇ ਜਵਾਬ 'ਚ ਵੀ ਉਸ ਦਾ ਬੇਝਿਜਕ ਕਹਿਣਾ ਸੀ, ''ਮੈਨੂੰ ਪਾਰਸ਼ੈਲਿਟੀ (ਪੱਖਪਾਤ) ਚੰਗੀ ਨਹੀਂ ਲਗਦੀ, ਨਾ ਹੀ ਮੈਨੂੰ ਸੱਚੀ ਗੱਲ ਕਹਿਣ ਤੋਂ ਡਰ ਲਗਦੈ। ਮੈਂ ਜਦੋਂ ਸਿਸੋਦੀਆ ਸਰ ਦੇ ਸਵਾਲ ਦਾ ਜਵਾਬ ਦੇਣ ਲਈ ਮਾਈਕ ਮੰਗਿਆ ਤਾਂ ਮੇਰੇ ਦਿਲ ਵਿੱਚ ਸੀ ਕਿ ਅੱਜ ਮੈਨੂੰ ਮੌਕਾ ਮਿਲਿਆ ਹੈ, ਕਿਉਂ ਨਾ ਮੈਂ ਆਪਣੇ ਦਿਲ ਦੀ ਗੱਲ ਇਸੇ ਵੇਲੇ ਮੁੱਖ ਮੰਤਰੀ ਦੇ ਸਾਹਮਣੇ ਰੱਖਾਂ, ਫਿਰ ਸ਼ਾਇਦ ਮੈਨੂੰ ਕਦੇ ਉਨ੍ਹਾਂ ਨਾਲ ਮਿਲਣ ਦਾ ਮੌਕਾ ਨਾ ਮਿਲੇ।''
ਮੈਂ ਪੁੱਛਿਆ, ''ਬੱਚੇ, ਜਦੋਂ ਤੁਸੀਂ ਸਵਾਲ ਪੁੱਛ ਰਹੇ ਸੀ ਕੀ ਤੁਹਾਨੂੰ ਲੱਗਦਾ ਸੀ ਕਿ ਤੁਹਾਡੀ ਗੱਲ ਮੰਨੀ ਜਾਵੇਗੀ ਅਤੇ ਸਾਲਾਂ ਤੋਂ ਚਲਿਆ ਆ ਰਿਹਾ ਇਹ ਨਿਯਮ ਬਦਲ ਜਾਵੇਗਾ?'' ਉਸ ਦਾ ਅੱਗੋਂ ਜਵਾਬ ਸੀ, ''ਮੈਨੂੰ ਯਕੀਨ ਸੀ ਕਿ ਮੇਰੀ ਗੱਲ ਮੰਨੀ ਜਾਵੇਗੀ ਕਿਉਂਕਿ ਮੈਨੂੰ ਤਰਕ ਤੇ ਦਲੀਲ ਨਾਲ ਗੱਲ ਕਰਨੀ ਆਉਂਦੀ ਹੈ। ਮੈਂ ਤਾਂ ਸੱਚੀ ਗੱਲ ਕਰਨੀ ਸੀ। ਜੇ ਮੈਂ ਉਸ ਦਿਨ ਇਹ ਗੱਲ ਨਾ ਕਰਦੀ ਤਾਂ ਮੇਰੇ ਦਿਲ 'ਚ ਹੀ ਰਹਿ ਜਾਣਾ ਸੀ ਕਿ ਮੈਂ ਆਪਣੀ ਗੱਲ ਮੁੱਖ ਮੰਤਰੀ ਤੱਕ ਕਿਉਂ ਨਹੀਂ ਪਹੁੰਚਾਈ।'' ਉਸ ਨੇ ਇਹ ਗੱਲ ਅਜੇ ਪੂਰੀ ਹੀ ਕੀਤੀ ਸੀ ਕਿ ਨਾਲ ਹੀ ਉਸ ਨੇ ਅਗਲੀ ਗੱਲ ਜੋੜਦਿਆਂ ਕਿਹਾ, ''ਜਦੋਂ ਮੈਂ ਇਹ ਗੱਲ ਕੀਤੀ ਤਾਂ ਸਾਰੇ ਬੱਚਿਆਂ ਨੇ ਬਹੁਤ ਤਾੜੀਆਂ ਵਜਾਈਆਂ। ਉੱਥੇ ਬਹੁਤ ਸਾਰੇ ਅਜਿਹੇ ਬੱਚੇ ਬੈਠੇ ਸਨ, ਜਿਨ੍ਹਾਂ ਨਾਲ ਉਮਰ ਦੇ ਆਧਾਰ 'ਤੇ ਵਿਤਕਰਾ ਹੋਇਆ ਸੀ। ਮੇਰੀ ਪਿੱਛੇ ਵਾਲੀ ਕਤਾਰ 'ਚ ਬਾਰ੍ਹਵੀਂ ਵਾਲੀਆਂ ਦੀਦੀਆਂ ਬੈਠੀਆਂ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਚੰਗਾ ਕੀਤਾ ਜੋ ਮੁੱਖ ਮੰਤਰੀ ਸਾਹਮਣੇ ਇਹ ਗੱਲ ਰੱਖੀ।''
ਉਸ ਨਾਲ ਗੱਲ ਕਰਦਿਆਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਸਿਰਫ਼ ਪੜ੍ਹਾਈ 'ਚ ਹੀ ਨਹੀਂ, ਸਗੋਂ ਜ਼ਿੰਦਗੀ 'ਚ ਗ਼ਲਤ/ਠੀਕ ਦੀ ਤਮੀਜ਼ ਹੋਣ ਦੇ ਨਾਲ ਨਾਲ ਉਸ ਵਿੱਚ ਬਰਾਬਰੀ ਤੇ ਆਪਣੇ ਹੱਕ ਲਈ ਆਵਾਜ਼ ਉਠਾਉਣ ਦਾ ਵੀ ਜੇਰਾ ਹੈ। ਜ਼ਿਲ੍ਹੇ 'ਚੋਂ ਫਸਟ ਆਉਣ ਅਤੇ ਪੜ੍ਹਨ ਦੇ ਜਨੂੰਨ ਬਾਰੇ ਦੱਸਦਿਆਂ ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਸਕੂਲ ਵਿੱਚ ਜਿਹੜੇ ਬੱਚੇ ਮੈਰਿਟ 'ਚ ਆਉਂਦੇ ਨੇ, ਉਨ੍ਹਾਂ ਦੀ ਤਸਵੀਰ ਸਕੂਲ 'ਚ ਲਾਈ ਜਾਂਦੀ ਹੈ। ਉਸ ਦੀ ਖ਼ਾਹਿਸ਼ ਸੀ ਕਿ ਉਸ ਦੀ ਤਸਵੀਰ ਵੀ ਸਕੂਲ 'ਚ ਲੱਗੇ ਅਤੇ ਜਦੋਂ ਉਸ ਦੇ ਮਾਪੇ ਉਸ ਦੇ ਸਕੂਲ ਜਾਣ ਤਾਂ ਉਨ੍ਹਾਂ ਨੂੰ ਉੱਥੇ ਉਸ ਦੀ ਤਸਵੀਰ ਲੱਗੀ ਦੇਖ ਕੇ ਮਾਣ ਮਹਿਸੂਸ ਹੋਵੇ। ਉਸ ਦੀ ਮਾਂ ਘਰੇਲੂ ਸੁਆਣੀ ਹੈ ਅਤੇ ਪਿਤਾ ਦੁਬਈ 'ਚ ਕੰਮ ਕਰਦੇ ਹਨ। ਉਸ ਨੇ ਦੱਸਿਆ, ''ਮੇਰੇ ਪਾਪਾ ਜ਼ਿਲ੍ਹੇ 'ਚ ਫਸਟ ਆਉਣ 'ਤੇ ਏਨੇ ਖ਼ੁਸ਼ ਨਹੀਂ ਸਨ, ਜਿੰਨੇ ਮੇਰੇ ਸਹੀ ਸਵਾਲ ਉਠਾਉਣ 'ਤੇ ਹੋਏ।''
ਪੜ੍ਹਾਈ ਦੇ ਮਾਮਲੇ 'ਚ ਲਗਾਤਾਰ ਤੇ ਸਮਾਂ-ਬੱਧ ਦੁਹਰਾਈ ਕਰਵਾਉਣ ਲਈ ਉਹ ਆਪਣੇ ਸਕੂਲ ਦੇ ਅਧਿਆਪਕਾਂ ਦੀ ਖ਼ੂਬ ਤਾਰੀਫ਼ ਕਰਦੀ ਹੈ। ਉਹ ਪੜ੍ਹਨ ਲਈ ਸਵੇਰੇ ਸਾਢੇ ਤਿੰਨ ਵਜੇ ਦੇ ਕਰੀਬ ਉੱਠਦੀ ਅਤੇ ਦੇਰ ਰਾਤ ਤੱਕ ਪੜ੍ਹਦੀ ਸੀ। ਰਾਤ ਵੇਲੇ ਖ਼ੁਦ ਸਵੇਰ ਦਾ ਅਲਾਰਮ ਲਾਉਂਦੀ ਸੀ। ਜੇ ਮਾਂ ਨੇ ਕਹਿ ਵੀ ਦੇਣਾ ਕਿ 'ਸਵੇਰੇ ਤੈਨੂੰ ਉਠਾ ਦੇਵਾਂਗੀ ਤੂੰ ਖ਼ੁਦ ਅਲਾਰਮ ਨਾ ਲਾ' ਤਾਂ ਗਗਨਦੀਪ ਨੂੰ ਇਤਬਾਰ ਨਹੀਂ ਸੀ ਆਉਂਦਾ। ਉਸ ਨੂੰ ਲਗਦਾ ਸੀ ਕਿ ਮਾਂ ਸਵੇਰੇ ਛੇ ਵਜੇ ਤੋਂ ਬਾਅਦ ਉਠਾਏਗੀ। ਮਾਂ ਵਿੱਚ ਵਿੱਚ ਉਸ ਨੂੰ ਟੋਕਦੀ ਵੀ ਸੀ ਕਿ 'ਲਗਾਤਾਰ ਏਨਾ ਨਾ ਪੜ੍ਹ, ਬਿਮਾਰ ਹੋ ਜਾਏਂਗੀ', ਪਰ ਉਸ ਨੂੰ ਜਨੂੰਨ ਸੀ ਕਿ ਚੰਗੇ ਨੰਬਰ ਲੈਣੇ ਨੇ, ਮੈਰਿਟ ਵਿੱਚ ਆਉਣੈ ਅਤੇ ਫਸਟ ਆ ਕੇ ਸਨਮਾਨ ਹਾਸਲ ਕਰਨਾ ਹੈ। ਉਸ ਦਾ ਇਹ ਸੁਪਨਾ ਸੱਚ ਤਾਂ ਹੋਇਆ, ਪਰ ਜਦੋਂ ਜ਼ਿਲ੍ਹੇ 'ਚੋਂ ਫਸਟ ਆਉਣ ਦੇ ਬਾਵਜੂਦ 31 ਮਈ ਨੂੰ ਹੋਏ ਸਮਾਗਮ ਵਿੱਚ ਉਸ ਨੂੰ ਮੰਚ 'ਤੇ ਨਾ ਬੁਲਾਇਆ ਗਿਆ ਤਾਂ ਉਸ ਨੂੰ ਇਹ ਚੰਗਾ ਨਾ ਲੱਗਿਆ। ਉਸ ਨੂੰ ਲੱਗਿਆ ਜਿਵੇਂ ਰਾਤਾਂ ਝਾਗ ਕੇ ਕੀਤੀ ਮਿਹਨਤ ਸਦਕਾ ਉਹ ਮੌਕਾ ਸਾਹਮਣੇ ਵੀ ਆਇਆ, ਪਰ ਫਿਰ ਰੇਤ ਵਾਂਗੂ ਉਸ ਦੇ ਹੱਥਾਂ 'ਚੋਂ ਕਿਰਨ ਲੱਗਿਆ। ਉਸ ਨੇ ਹੌਸਲਾ ਨਾ ਹਾਰਿਆ ਅਤੇ ਜੁਰੱਅਤ ਨਾਲ ਉਨ੍ਹਾਂ ਪਲਾਂ ਨੂੰ ਫੜਦਿਆਂ ਪੂਰੀ ਦਲੇਰੀ ਨਾਲ ਦਿਲ ਦੀ ਗੱਲ ਸਭ ਦੇ ਸਾਹਮਣੇ ਰੱਖੀ। ਉਸ ਦੀ ਉਹ ਸੱਚੀ ਗੱਲ ਸਭ ਦੇ ਦਿਲਾਂ ਤੱਕ ਪੁੱਜੀ ਅਤੇ ਮੁੱਖ ਮੰਤਰੀ ਨੇ ਇੱਕ ਤਰ੍ਹਾਂ ਉਸੇ ਵੇਲੇ ਹੀ ਉਸ ਦੀ ਗੱਲ ਮੰਨਦਿਆਂ ਨਿਯਮ ਬਦਲਣ ਅਤੇ ਤਿੰਨਾਂ ਬੱਚੀਆਂ ਦਾ ਰੈਂਕ ਫਸਟ ਹੋਣ ਦਾ ਐਲਾਨ ਕਰ ਦਿੱਤਾ। ਗਗਨਦੀਪ ਨੇ ਓਦਾਂ ਤਾਂ ਉਸੇ ਸਮਾਗਮ 'ਚ ਮੁੱਖ ਮੰਤਰੀ ਦਾ ਸ਼ੁਕਰੀਆ ਅਦਾ ਕਰ ਦਿੱਤਾ ਸੀ, ਪਰ ਗੱਲ ਉਦੋਂ ਤਾਂ ਸਿਰਫ਼ ਜ਼ੁਬਾਨੀ ਸੀ। ਬੋਰਡ ਵੱਲੋਂ ਅਧਿਕਾਰਤ ਤੌਰ 'ਤੇ ਫ਼ੈਸਲਾ ਲਏ ਜਾਣ ਮਗਰੋਂ ਹੁਣ ਉਸ ਨੂੰ ਮੁੱਖ ਮੰਤਰੀ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਫੇਰੀ ਦੀ ਉਡੀਕ ਹੈ ਤਾਂ ਜੋ ਉਹ ਉਨ੍ਹਾਂ ਨੂੰ ਮਿਲ ਕੇ ਸ਼ੁਕਰੀਆ ਅਦਾ ਕਰ ਸਕੇ।
ਸਾਡੀਆਂ ਧੀਆਂ ਜਦੋਂ ਕਿਸੇ ਵੀ ਵਿਤਕਰੇ ਖ਼ਿਲਾਫ਼ ਬੇਬਾਕੀ ਨਾਲ ਸਵਾਲ ਉਠਾਉਂਦਿਆਂ ਆਪਣੀ ਦਲੀਲ ਦੇ ਸਿਰ 'ਤੇ ਆਪਣੇ ਹੱਕ ਹਾਸਲ ਕਰ ਲੈਣ ਤਾਂ ਉਨ੍ਹਾਂ 'ਤੇ ਮਾਣ ਹੁੰਦਾ ਹੈ। ਇਹੋ ਤਾਂ ਜ਼ਿੰਦਗੀ ਦੀ ਅਸਲ ਸਿੱਖਿਆ ਹੈ: ਗ਼ਲਤ ਦੇ ਖ਼ਿਲਾਫ਼ ਨਿਡਰ ਹੋ ਕੇ ਡਟਣਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune