Dailyhunt Logo
  • Light mode
    Follow system
    Dark mode
    • Play Story
    • App Story

Singapore Open: ਸਾਤਵਿਕ-ਚਿਰਾਗ ਨੇ ਪਹਿਲਾ ਸਿੰਗਾਪੁਰ ਓਪਨ ਖ਼ਿਤਾਬ ਜਿੱਤਿਆ

ਸਾਬਕਾ ਵਿਸ਼ਵ ਨੰਬਰ 1 ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਪਹਿਲੀ ਗੇਮ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਆਪਣਾ ਪਹਿਲਾ ਸਿੰਗਾਪੁਰ ਓਪਨ ਖ਼ਿਤਾਬ ਜਿੱਤ ਲਿਆ ਹੈ। ਉਨ੍ਹਾਂ ਅੱਜ ਇੱਥੇ ਖੇਡੇ ਗਏ ਬੀ ਡਬਲਿਊ ਐੱਫ ਸੁਪਰ 750 ਟੂਰਨਾਮੈਂਟ ਦੇ ਪੁਰਸ਼ ਡਬਲਜ਼ ਫਾਈਨਲ ਵਿੱਚ ਇੰਡੋਨੇਸ਼ੀਆ ਦੇ ਫਜ਼ਰ ਅਲਫ਼ੀਆਨ ਅਤੇ ਮੁਹੰਮਦ ਸ਼ੋਹਿਬੁਲ ਫ਼ਿਕਰੀ ਨੂੰ ਹਰਾਇਆ।

ਏਸ਼ਿਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨਾਂ ਨੇ ਦਲੇਰੀ ਭਰੀ ਵਾਪਸੀ ਕਰਦਿਆਂ ਦੋ ਸਾਲਾਂ ਵਿੱਚ ਆਪਣਾ ਪਹਿਲਾ ਖ਼ਿਤਾਬ ਅਤੇ ਆਪਣੇ ਕਰੀਅਰ ਦਾ ਨੌਵਾਂ 'ਵਰਲਡ ਟੂਰ' ਤਾਜ ਹਾਸਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਘੰਟੇ 13 ਮਿੰਟ ਤੱਕ ਚੱਲੇ ਇਸ ਰੋਮਾਂਚਕ ਮੁਕਾਬਲੇ ਵਿੱਚ 18-21, 21-17, 21-16 ਨਾਲ ਜਿੱਤ ਦਰਜ ਕਰ ਕੇ ਆਪਣਾ ਤੀਜਾ ਸੁਪਰ 750 ਖ਼ਿਤਾਬ ਆਪਣੇ ਨਾਮ ਕੀਤਾ। ਵਿਸ਼ਵ ਦੀ ਨੰਬਰ 4 ਇਸ ਜੋੜੀ ਲਈ ਇਹ ਜਿੱਤ ਬਹੁਤ ਮਹੱਤਵਪੂਰਨ ਸੀ, ਕਿਉਂਕਿ ਉਹ ਸਿੰਗਾਪੁਰ ਓਪਨ ਵਿੱਚ ਡਬਲਜ਼ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ।

ਫਾਈਨਲ ਵਿੱਚ ਪੁੱਜਣ ਵੇਲੇ ਭਾਰਤੀ ਜੋੜੀ ਦਾ ਇੰਡੋਨੇਸ਼ਿਆਈ ਜੋੜੀ ਖ਼ਿਲਾਫ਼ ਆਪਸੀ ਮੁਕਾਬਲਿਆਂ ਦਾ ਰਿਕਾਰਡ 1-2 ਨਾਲ ਪਿੱਛੇ ਸੀ ਅਤੇ ਉਨ੍ਹਾਂ ਦੀ ਸਭ ਤੋਂ ਹਾਲ ਦੀ ਹਾਰ ਜਨਵਰੀ ਵਿੱਚ ਮਲੇਸ਼ੀਆ ਓਪਨ ਦੇ ਕੁਆਰਟਰ ਫਾਈਨਲ ਵਿੱਚ ਹੋਈ ਸੀ। ਸਖ਼ਤ ਮੁਕਾਬਲੇ ਵਾਲੀ ਪਹਿਲੀ ਗੇਮ ਹਾਰਨ ਤੋਂ ਬਾਅਦ, ਸਾਤਵਿਕ ਅਤੇ ਚਿਰਾਗ ਨੇ ਆਪਣੀ ਖੇਡ ਦੀ ਰਫ਼ਤਾਰ ਵਧਾਈ ਅਤੇ ਵਿਸ਼ਵ ਦੀ ਨੰਬਰ 3 ਇੰਡੋਨੇਸ਼ਿਆਈ ਜੋੜੀ ਖ਼ਿਲਾਫ਼ ਲੰਬੀਆਂ ਰੈਲੀਆਂ ਵਿੱਚ ਦਬਦਬਾ ਬਣਾ ਕੇ ਮੈਚ ਦਾ ਪਾਸਾ ਪਲਟ ਦਿੱਤਾ। ਜਿਵੇਂ ਹੀ ਜਿੱਤ ਦਾ ਆਖ਼ਰੀ ਅੰਕ ਪੱਕਾ ਹੋਇਆ, ਚਿਰਾਗ ਜਸ਼ਨ ਮਨਾਉਂਦੇ ਹੋਏ ਕੋਰਟ 'ਤੇ ਸਿੱਧਾ ਲੇਟ ਗਿਆ। ਉਪਰੰਤ ਸਾਤਵਿਕ ਨੇ ਬੱਚੇ ਵਾਲੇ ਅੰਦਾਜ਼ ਵਿੱਚ ਜਸ਼ਨ ਮਨਾਇਆ, ਜਦੋਂ ਕਿ ਬੇਹੱਦ ਖ਼ੁਸ਼ ਚਿਰਾਗ ਨੇ ਇੱਕ ਉੱਚੀ ਗਰਜ ਦੇ ਨਾਲ ਆਪਣੇ ਸਾਥੀ ਖਿਡਾਰੀ ਦੇ ਉੱਪਰ ਛਾਲ ਮਾਰ ਦਿੱਤੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune