ਰੌਸ਼ਨੀ ਨੂੰ ਖ਼ੁਸ਼ੀ ਅਤੇ ਖੁਸ਼ਹਾਲੀ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਰੌਸ਼ਨ ਵਿਹੜਿਆਂ ਵਿੱਚ ਹੀ ਖ਼ੁਸ਼ੀਆਂ ਮਨਾਉਣ ਲਈ ਲੋਕ ਇਕੱਠੇ ਹੋ ਕੇ ਨੱਚਦੇ ਤੇ ਗਾਉਂਦੇ ਹਨ। ਮਾਤਮ ਹਨੇਰੇ ਨਾਲ ਜੁੜਿਆ ਹੋਇਆ ਹੈ। ਗ਼ਮੀ, ਉਦਾਸੀ ਅਤੇ ਬਿਪਤਾ ਵੇਲੇ ਅਸੀਂ ਦੀਪ ਬੁਝਾ ਦਿੰਦੇ ਹਾਂ। ਇਸੇ ਕਰ ਕੇ ਰੌਸ਼ਨੀ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ। ਲੰਮੇ ਸੰਘਰਸ਼ਾਂ ਅਤੇ ਕੁਰਬਾਨੀਆਂ ਉਪਰੰਤ ਹੀ ਸਾਡੇ ਪੈਗੰਬਰਾਂ ਅਤੇ ਆਗੂਆਂ ਨੇ ਇਹ ਸੰਦੇਸ਼ ਦਿੱਤਾ ਕਿ ਸਾਰੇ ਮਨੁੱਖ ਜਨਮ ਤੋਂ ਹੀ ਬਰਾਬਰ ਹਨ ਅਤੇ ਉਨ੍ਹਾਂ ਦੇ ਹੱਕ ਵੀ ਇੱਕੋ ਜਿਹੇ ਹਨ।
ਇਸ ਵਿਚਾਰਧਾਰਾ ਅਧੀਨ ਹੀ ਬਸਤੀਵਾਦ ਵਿਰੁੱਧ ਘੋਲ ਕਰਦਿਆਂ ਰਾਸ਼ਟਰੀ ਤਾਕਤਾਂ ਵੱਲੋਂ ਇਹ ਐਲਾਨੀਆ ਵਾਅਦਾ ਕੀਤਾ ਗਿਆ ਕਿ ਲੁੱਟ-ਖਸੁੱਟ ਅਤੇ ਅਸਮਾਨਤਾ 'ਤੇ ਆਧਾਰਿਤ ਰਾਜਨੀਤਕ ਢਾਂਚਾ ਢਹਿ-ਢੇਰੀ ਕਰਨ ਉਪਰੰਤ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਣਗੇ। ਇਨ੍ਹਾਂ ਨਵ-ਆਜ਼ਾਦ ਦੇਸ਼ਾਂ ਨੇ ਉੱਭਰਦੀਆਂ ਕੌਮੀ ਤਾਕਤਾਂ ਨੂੰ ਉਦੈ ਹੁੰਦੇ ਸੂਰਜ ਨਾਲ ਤਸ਼ਬੀਹ ਦੇ ਕੇ ਲੰਮਾ ਸਮਾਂ ਜਨਤਾ ਵਿੱਚ ਭਰਮਜਾਲ ਬਣਾਈ ਰੱਖਿਆ ਕਿ ਕਿਰਤੀਆਂ ਅਤੇ ਕਿਸਾਨਾਂ ਦਾ ਸਮਾਂ ਆਉਣ ਵਾਲਾ ਹੈ। ਹਰ ਮਜ਼ਦੂਰ ਦੀ ਕਾਰਖਾਨੇ ਦੀ ਮਾਲਕੀ ਵਿੱਚ ਹਿੱਸੇਦਾਰੀ ਹੋਵੇਗੀ ਅਤੇ ਹਰ ਕਿਰਤੀ, ਕਿਸਾਨ ਖੇਤਾਂ ਦਾ ਰਾਜਾ ਹੋਵੇਗਾ ਪਰ ਅਜਿਹਾ ਕੁਝ ਵੀ ਨਹੀਂ ਵਾਪਰਿਆ। ਪੂਰੇ ਵਿਸ਼ਵ ਵਿੱਚ ਕਿਰਤੀਆਂ ਅਤੇ ਕਿਸਾਨਾਂ ਦੀ ਹਾਲਤ ਪਤਲੀ ਹੈ। ਸਾਡੇ ਦੇਸ਼ ਵਿੱਚ ਅਕਸਰ ਮਜ਼ਦੂਰ ਹੇਠਲੀਆਂ ਸਮਾਜਿਕ ਸ਼੍ਰੇਣੀਆਂ ਨਾਲ ਸਬੰਧਿਤ ਹੋਣ ਕਾਰਨ ਹੋਰ ਵੀ ਤਰਸ ਦੇ ਪਾਤਰ ਹਨ।
ਜੇਕਰ ਪਿੱਛਲਝਾਤ ਮਾਰੀ ਜਾਵੇ ਤਾਂ 18ਵੀਂ ਸਦੀ ਦੀਆਂ ਅਮਰੀਕਾ ਅਤੇ ਫਰਾਂਸ ਦੀਆਂ ਕ੍ਰਾਂਤੀਕਾਰੀ ਤਬਦੀਲੀਆਂ ਦੇ ਬਾਵਜੂਦ ਮਜ਼ਦੂਰਾਂ ਦੀ ਲੁੱਟ ਓਵੇਂ ਹੀ ਬਰਕਰਾਰ ਰਹੀ। ਹਾਲਾਂਕਿ, ਇਨ੍ਹਾਂ ਰਾਜਨੀਤਕ ਘੋਲਾਂ ਦੌਰਾਨ ਮਨੁੱਖਤਾ ਦੇ ਸਮਾਨਤਾ ਅਤੇ ਬਰਾਬਰੀ ਦੇ ਅਧਿਕਾਰਾਂ ਦਾ ਪ੍ਰਚਾਰ ਕੀਤਾ ਗਿਆ ਸੀ, ਪਰ ਉਸ ਸਮੇਂ ਵਿਕਸਿਤ ਪੂੰਜੀਵਾਦੀ ਢਾਂਚਾ ਆਪਣੇ ਮੁਨਾਫ਼ੇ ਹੋਰ ਵਧਾਉਂਦਾ ਹੋਇਆ ਮਜ਼ਦੂਰਾਂ ਦਾ ਸ਼ੋਸ਼ਣ ਕਰਦਾ ਰਿਹਾ। ਕਾਰਖਾਨਿਆਂ ਵਿੱਚ ਕੰਮ ਕਰਨ ਦਾ ਸਮਾਂ ਨਿਸ਼ਚਿਤ ਨਾ ਹੋਣ ਕਾਰਨ ਸਰਮਾਏਦਾਰਾਂ ਨੂੰ ਵੱਧ ਉਤਪਾਦਨ ਦਾ ਲਾਲਚ ਮਜ਼ਦੂਰਾਂ ਤੋਂ ਹੋਰ ਵੱਧ ਘੰਟੇ ਕੰਮ ਕਰਵਾਉਣ ਲਈ ਉਕਸਾਉਂਦਾ ਸੀ। ਇਸ ਸਥਿਤੀ ਤੋਂ ਤੰਗ ਆ ਕੇ ਅਮਰੀਕਾ ਦੇ ਮਜ਼ਦੂਰ ਸੰਗਠਨਾਂ ਨੇ ਇਹ ਫ਼ੈਸਲਾ ਕੀਤਾ ਕਿ 1 ਮਈ 1886 ਨੂੰ ਸ਼ਿਕਾਗੋ ਦੇ ਹੇਅਮਾਰਕੀਟ ਸਕੁਏਅਰ ਵਿੱਚ ਮਜ਼ਦੂਰਾਂ ਲਈ ਅੱਠ ਘੰਟੇ ਕੰਮ ਕਰਨ ਦੀ ਵਿਵਸਥਾ ਲਈ ਵੱਡੇ ਪੱਧਰ 'ਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਸ਼ਿਕਾਗੋ ਦੀ ਸੈਂਟਰਲ ਲੇਬਰ ਯੂਨੀਅਨ ਨੇ ਦੇਸ਼ ਭਰ ਵਿੱਚ ਮਜ਼ਦੂਰ ਸੰਗਠਨਾਂ ਨਾਲ ਤਾਲ-ਮੇਲ ਕਰ ਕੇ ਵੱਡੇ ਰੋਸ ਪ੍ਰਦਰਸ਼ਨ ਦਾ ਇੰਤਜ਼ਾਮ ਕੀਤਾ। ਉਧਰ, ਸਰਕਾਰ ਅਤੇ ਪੂੰਜੀਪਤੀਆਂ ਵੱਲੋਂ ਰਾਜ ਸ਼ਕਤੀ ਦੇ ਸਹਾਰੇ ਇਸ ਵਿਦਰੋਹ ਭਰੇ ਪ੍ਰਦਰਸ਼ਨ ਨੂੰ ਕੁਚਲਣ ਦੇ ਪੁਖ਼ਤਾ ਇੰਤਜ਼ਾਮ ਕਰ ਲਏ ਗਏ। ਇਹ ਉਹ ਸਮਾਂ ਸੀ ਜਦੋਂ ਪੂੰਜੀਵਾਦੀ ਨਿਜ਼ਾਮ ਆਪਣੀ ਸਿਖ਼ਰ ਵੱਲ ਵਧ ਰਿਹਾ ਸੀ। ਇਸੇ ਕਰ ਕੇ ਵਿਵਸਥਾ ਮਜ਼ਦੂਰ ਹੱਕਾਂ ਦੇ ਪੱਖ ਵਿੱਚ ਨਹੀਂ ਸੀ।
'ਹੇਅਮਾਰਕੀਟ ਸਕੁਏਅਰ' ਵਿੱਚ ਮਜ਼ਦੂਰ ਨੇਤਾਵਾਂ ਦੇ ਆਖ਼ਰੀ ਭਾਸ਼ਣ ਦੌਰਾਨ ਪੁਲੀਸ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇੱਕ ਬੰਬ ਧਮਾਕਾ ਹੋਣ ਨਾਲ ਸਾਰੇ ਪਾਸੇ ਹਫ਼ੜਾ-ਦਫ਼ੜੀ ਮਚ ਗਈ। ਮਜ਼ਦੂਰ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਰਕਾਰ ਵੱਲੋਂ ਬਹਾਨਾ ਇਹ ਬਣਾਇਆ ਗਿਆ ਕਿ ਗੋਲੀਆਂ ਅਤੇ ਬੰਬ ਮਜ਼ਦੂਰਾਂ ਵੱਲੋਂ ਚਲਾਏ ਗਏ ਹਨ। ਅੱਠ ਮਜ਼ਦੂਰ ਨੇਤਾਵਾਂ 'ਤੇ ਕਤਲ ਦੀ ਸਾਜ਼ਿਸ਼ ਦਾ ਮੁਕੱਦਮਾ ਚਲਾ ਕੇ ਮੌਤ ਦੀ ਸਜ਼ਾ ਸੁਣਾਈ ਗਈ। ਚਾਰ ਮਜ਼ਦੂਰ ਨੇਤਾਵਾਂ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਦਿੱਤੀ ਗਈ। ਇਨ੍ਹਾਂ ਮਜ਼ਦੂਰ ਸ਼ਹੀਦਾਂ ਦੇ ਅੰਤਿਮ ਸੰਸਕਾਰ ਵਿੱਚ ਤਕਰੀਬਨ ਪੰਜ ਲੱਖ ਲੋਕਾਂ ਨੇ ਮਾਤਮੀ ਜਲੂਸ ਕੱਢਿਆ, ਜਿਸ ਨੂੰ ਅਮਰੀਕਾ ਦੇ ਅਖ਼ਬਾਰਾਂ ਨੇ ਉਸ ਵਕਤ ਦਾ ਸਭ ਤੋਂ ਵਿਸ਼ਾਲ ਜਲੂਸ ਐਲਾਨਿਆ। ਸਰਕਾਰ ਨੇ ਸਮੇਂ ਦੀ ਨਬਜ਼ ਪਛਾਣਦਿਆਂ ਬਾਕੀ ਮਜ਼ਦੂਰ ਨੇਤਾਵਾਂ ਦੀ ਸਜ਼ਾ ਨੂੰ 1893 ਵਿੱਚ ਮੁਆਫ਼ ਕਰ ਦਿੱਤਾ। ਪੂਰੇ ਅਮਰੀਕਾ ਵਿੱਚ ਮਜ਼ਦੂਰਾਂ ਦਾ ਕੰਮ ਦਾ ਸਮਾਂ ਵੱਧ ਤੋਂ ਵੱਧ ਅੱਠ ਘੰਟੇ ਤੈਅ ਕਰ ਦਿੱਤਾ ਗਿਆ। ਮਜ਼ਦੂਰਾਂ ਦੇ ਕੰਮ ਦਾ ਸਮਾਂ ਨਿਸ਼ਚਿਤ ਕਰਾਉਣ ਪਿੱਛੇ ਵੀ ਵੱਡਾ ਤਰਕ ਸੀ ਕਿ ਚੌਵੀ ਘੰਟਿਆਂ ਵਿੱਚੋਂ ਅੱਠ ਘੰਟੇ ਹਰ ਮਨੁੱਖ ਨੂੰ ਸੌਣ ਵਾਸਤੇ ਚਾਹੀਦੇ ਹਨ। ਅੱਠ ਘੰਟੇ ਉਸ ਨੂੰ ਆਪਣੇ ਪਰਿਵਾਰ ਲਈ ਲੋੜੀਂਦੇ ਹਨ। ਹੇਅਮਾਰਕੀਟ ਸਕੁਏਅਰ ਦਾ 1 ਮਈ 1886 ਦਾ ਜਲੂਸ ਮਜ਼ਦੂਰਾਂ ਦੇ ਮੁੱਢਲੇ ਅਧਿਕਾਰਾਂ ਦੀ ਕਿਤਾਬ ਦਾ ਸਰਵਰਕ ਹੈ। ਸਾਰੇ ਦੇਸ਼ਾਂ ਦੇ ਮਜ਼ਦੂਰ ਇਸੇ ਦਿਨ ਸ਼ਿਕਾਗੋ ਦੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਦੇ ਹਨ।
ਧਰਤੀ 'ਤੇ ਜੋ ਕੁਝ ਚੰਗਾ ਉਸਰਿਆ ਨਜ਼ਰ ਆ ਰਿਹਾ ਹੈ, ਉਹ ਕਿਰਤੀਆਂ ਦੀ ਮਿਹਨਤ ਦੀ ਉਪਜ ਹੈ। ਨਿਜ਼ਾਮਾਂ ਦੇ ਸੁਭਾਅ ਭਾਵੇਂ ਕਿਹੋ ਜਿਹੇ ਵੀ ਰਹੇ ਹੋਣ, ਪਰ ਸ਼ੁਰੂ ਤੋਂ ਹੀ ਦੁਨੀਆ ਨੂੰ ਸੰਵਾਰਨ ਅਤੇ ਮਨੁੱਖੀ ਜੀਵਨ ਲਈ ਚੰਗੇ ਸਾਧਨ ਪੈਦਾ ਕਰਨ ਵਿੱਚ ਮਜ਼ਦੂਰਾਂ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। ਪਹਾੜਾਂ ਦੀਆਂ ਟੀਸੀਆਂ ਤੋਂ ਲੰਘਦੀਆਂ ਸੜਕਾਂ ਅਤੇ ਪਹਾੜ ਚੀਰਦੀਆਂ ਰੇਲਵੇ ਲਾਈਨਾਂ ਨੂੰ ਕਿਰਤੀਆਂ ਨੇ ਸਾਡੇ ਲਈ ਉਸਾਰਿਆ ਹੈ। ਜੰਗਲਾਂ ਨੂੰ ਖੇਤੀ ਯੋਗ ਬਣਾ ਕੇ ਮਨੁੱਖ ਦਾ ਪੇਟ ਭਰਨ ਦਾ ਕਾਰਜ ਕਿਰਤੀਆਂ ਨੇ ਆਪਣੇ ਹੱਥੀਂ ਕੀਤਾ। ਦੁਨੀਆ ਨੂੰ ਖੁਸ਼ਹਾਲ ਬਣਾਉਣ ਦੇ ਕਾਰਜ ਵਿੱਚ ਮਜ਼ਦੂਰਾਂ ਦੇ ਡੁੱਲ੍ਹੇ ਖ਼ੂਨ-ਪਸੀਨੇ ਨੂੰ ਮਾਪਿਆ ਨਹੀਂ ਜਾ ਸਕਦਾ। ਇਸੇ ਕਰ ਕੇ ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਨੇ ਆਪਣੀ ਬਾਣੀ ਵਿੱਚ ਕਿਰਤ ਨੂੰ ਉੱਤਮ ਅਤੇ ਆਦਰਯੋਗ ਸਥਾਨ ਦਿੱਤਾ ਹੈ। ਇਸ ਦੇ ਬਾਵਜੂਦ ਅਸੀਂ ਕਿਉਂ ਉਨ੍ਹਾਂ ਹੱਥਾਂ ਦਾ ਸਤਿਕਾਰ ਨਹੀਂ ਕਰਦੇ, ਜਿਨ੍ਹਾਂ ਨੇ ਖੇਤਾਂ ਤੋਂ ਕਾਰਖਾਨਿਆਂ ਤੱਕ ਆਪਣੀ ਮਿਹਨਤ ਨਾਲ ਸਾਡੀ ਸਭ ਦੀ ਜ਼ਿੰਦਗੀ ਸੁਖਾਲੀ ਕੀਤੀ ਹੈ। ਮਜ਼ਦੂਰ-ਪੱਖੀ ਕਹਾਉਣ ਵਾਲੇ ਉਹ ਨਿਜ਼ਾਮ, ਜਿਨ੍ਹਾਂ ਮਜ਼ਦੂਰ ਸ਼ਕਤੀਆਂ ਨੂੰ ਇਕੱਠਾ ਕਰ ਕੇ ਸੱਤਾ ਹਥਿਆਈ, ਮਜ਼ਦੂਰਾਂ ਨੂੰ ਲੁੱਟਣ ਦੇ ਢਾਂਚੇ 'ਚੋਂ ਮੁਕਤ ਕਰਵਾਉਣ ਵਿੱਚ ਅਸਫਲ ਰਹੇ। ਲੋਕਾਂ ਦੇ ਨਾਂ 'ਤੇ ਚੱਲ ਰਹੇ ਆਧੁਨਿਕ ਰਾਜਨੀਤਕ ਪ੍ਰਬੰਧਾਂ ਵਿੱਚ ਵੀ ਲੁੱਟ-ਖਸੁੱਟ ਅਤੇ ਮੁਨਾਫ਼ੇ ਦਾ ਉਹੀ ਬੀਜ ਫਲ ਰਿਹਾ ਹੈ ਜੋ ਸਦੀਆਂ ਪਹਿਲਾਂ ਉੱਗਿਆ ਸੀ।
ਜੇਕਰ ਕਿਰਤੀ ਨੂੰ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਜਰਤ ਨਹੀਂ ਮਿਲਦੀ ਤਾਂ ਸਮਝੋ ਕਿ ਉਸ ਨਾਲ ਨਿਆਂ ਨਹੀਂ ਹੋ ਰਿਹਾ। ਸਾਰੇ ਦੇਸ਼ਾਂ ਵਿੱਚ ਹੀ ਕਿਰਤੀ ਅਤੇ ਕਿਸਾਨ ਔਖੇ ਹਨ। ਵਿਕਸਤ ਦੇਸ਼ਾਂ ਵਿੱਚ ਵੀ ਤੁਹਾਨੂੰ ਇਹ ਔਖਿਆਈ ਸਪੱਸ਼ਟ ਦਿਖਾਈ ਦਿੰਦੀ ਹੈ, ਪਰ ਇਨ੍ਹਾਂ ਦੇਸ਼ਾਂ ਵਿੱਚ ਕਾਮਿਆਂ ਨੂੰ ਸੰਗਠਿਤ ਖੇਤਰ ਕਾਰਨ ਬਹੁਤ ਸਾਰੇ ਉਹ ਲਾਭ ਮਿਲ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਆਖ਼ਰੀ ਵਰ੍ਹੇ ਸੌਖੇ ਬੀਤ ਜਾਂਦੇ ਹਨ। ਸਾਡੇ ਦੇਸ਼ ਵਿੱਚ ਖੇਤੀ ਮਜ਼ਦੂਰਾਂ/ਕਿਸਾਨਾਂ ਅਤੇ ਛੋਟੇ-ਵੱਡੇ ਕਸਬਿਆਂ ਵਿੱਚ ਕੰਮ ਕਰਦੇ ਕਿਰਤੀਆਂ ਲਈ ਜੀਵਨ ਨਿਰਬਾਹ ਦੇ ਉਹ ਸਾਧਨ ਉਪਲਬਧ ਨਹੀਂ ਹਨ। ਬਹੁਤੀ ਵਸੋਂ ਖੇਤੀ ਵਿੱਚ ਕੰਮ ਕਰਦੀ ਹੋਣ ਕਰ ਕੇ ਮਜ਼ਦੂਰਾਂ ਲਈ ਜੀਵਨ ਬੀਮਾ ਅਤੇ ਸਿਹਤ ਸਹੂਲਤਾਂ ਨਾਂਹ ਦੇ ਬਰਾਬਰ ਹਨ। ਕੰਮ ਦੇ ਘੰਟੇ ਅਜੇ ਵੀ ਨਿਸ਼ਚਿਤ ਨਹੀਂ ਹਨ। ਖੇਤ ਮਜ਼ਦੂਰਾਂ ਦੀ ਦਿਹਾੜੀ ਦਿਨ ਚੜ੍ਹਦੇ ਨਾਲ ਸ਼ੁਰੂ ਹੋ ਜਾਂਦੀ ਹੈ ਅਤੇ ਦਿਨ ਛਿਪਣ ਨਾਲ ਖ਼ਤਮ ਹੁੰਦੀ ਹੈ। ਸਨਅਤਾਂ ਵਿੱਚ ਕਾਮਿਆਂ ਦੀ ਸੁਰੱਖਿਆ ਅਕਸਰ ਅਣਗੌਲੀ ਰਹਿੰਦੀ ਹੈ। ਕਈ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਜਲੰਧਰ ਸ਼ਹਿਰ ਦੇ ਇੱਕ ਸਨਅਤੀ ਯੂਨਿਟ ਦੀ ਚਾਰ ਮੰਜ਼ਿਲਾ ਇਮਾਰਤ ਢਹਿ-ਢੇਰੀ ਹੋਣ ਨਾਲ ਦਰਜਨਾਂ ਮਜ਼ਦੂਰ ਮਲਬੇ ਥੱਲੇ ਦਬ ਕੇ ਮਾਰੇ ਗਏ ਸਨ। ਮਾਲਕ, ਮਜ਼ਦੂਰਾਂ ਨੂੰ ਬਚਾਉਣ ਦੀ ਬਜਾਏ ਆਪਣਾ ਸਾਮਾਨ ਸੰਭਾਲਣ ਵਿੱਚ ਰੁੱਝ ਗਏ। ਮਲਬੇ ਵਿੱਚੋਂ ਮਜ਼ਦੂਰਾਂ ਦੀਆਂ ਲਾਸ਼ਾਂ ਕੱਢਣ ਨੂੰ ਪੂਰਾ ਹਫ਼ਤਾ ਲੱਗ ਗਿਆ। ਇਉਂ ਹੀ ਸੈਂਕੜੇ ਖੇਤ ਮਜ਼ਦੂਰ ਹਰ ਸਾਲ ਟਿਊਬਵੈੱਲਾਂ ਦੀਆਂ ਖੂਹੀਆਂ ਡੂੰਘੀਆਂ ਕਰਦੇ ਜਾਂ ਖੇਤੀ ਦੇ ਹੋਰ ਕੰਮ ਕਰਦੇ, ਸੁਰੱਖਿਆ ਸਾਧਨਾਂ ਤੇ ਉਪਾਵਾਂ ਦੀ ਅਣਹੋਂਦ ਕਾਰਨ ਮਾਰੇ ਜਾਂਦੇ ਹਨ। ਸਰਕਾਰੀ ਹਦਾਇਤਾਂ ਦੇ ਬਾਵਜੂਦ ਕਾਮਿਆਂ ਨੂੰ ਬੈਠਣ, ਆਰਾਮ ਕਰਨ ਅਤੇ ਪੀਣ ਵਾਲੇ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਵੀ ਵੱਡੀਆਂ ਉਲੰਘਣਾਵਾਂ ਕੀਤੀਆਂ ਜਾਂਦੀਆਂ ਹਨ।
ਆਰਥਿਕ ਵਿਕਾਸ ਦੇ ਹਰ ਕੰਮ ਵਿੱਚ ਕਿਰਤੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਖੇਤੀ ਆਧਾਰਿਤ ਹਰਾ ਇਨਕਲਾਬ ਜਾਂ ਸਨਅਤੀ ਤਰੱਕੀ ਕਿਰਤੀਆਂ ਦੀ ਹੱਡ-ਭੰਨ੍ਹਵੀਂ ਮਿਹਨਤ ਤੋਂ ਬਿਨਾਂ ਸੰਭਵ ਨਹੀਂ ਸੀ। ਜਦੋਂ ਵਿਕਾਸ ਦੀ ਉੱਚੀ ਦਰ ਕਾਰਨ ਕੁੱਲ ਘਰੇਲੂ ਉਤਪਾਦਨ ਦੇ ਆਕਾਰ ਨੂੰ ਪ੍ਰਚਾਰਿਆ ਜਾਂਦਾ ਹੈ ਤਾਂ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਵਿਕਾਸ ਨਾਲ ਆਮਦਨ ਦੀ ਨਾਬਰਾਬਰੀ ਵਧੀ ਹੈ। ਜੇਕਰ ਇਸ ਵਿਕਾਸ ਦਾ ਉਦੇਸ਼ ਸਮੂਹਿਕ ਹੁੰਦਾ ਤਾਂ ਖੇਤੀ ਅਤੇ ਸਨਅਤ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਸੀ। ਸਾਡੇ ਦੇਸ਼ ਦੇ 52 ਉਦਯੋਗਿਕ ਘਰਾਣਿਆਂ ਦਾ ਦੇਸ਼ ਦੀ ਇੱਕ-ਤਿਹਾਈ ਦੌਲਤ 'ਤੇ ਕਬਜ਼ਾ ਹੈ। ਇੱਕ-ਤਿਹਾਈ ਆਬਾਦੀ ਗ਼ਰੀਬੀ ਰੇਖਾ ਤੋਂ ਥੱਲੇ ਨਰਕ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ, ਜਿਸ ਵਿੱਚ ਕਿਰਤੀ ਅਤੇ ਗ਼ਰੀਬ ਕਿਸਾਨ ਸ਼ਾਮਿਲ ਹਨ। ਔਕਸਫੋਰਡ ਯੂਨੀਵਰਿਟੀ ਵੱਲੋਂ 22 ਦੇਸ਼ਾਂ ਦੇ ਗ਼ਰੀਬ ਕਾਮਿਆਂ ਦੇ ਜੀਵਨ ਪੱਧਰ ਦਾ ਸਰਵੇਖਣ ਕੀਤਾ ਗਿਆ। ਇਸ ਤੋਂ ਇਹ ਪਤਾ ਲੱਗਿਆ ਕਿ ਭਾਰਤ ਆਪਣੇ ਕਿਰਤੀਆਂ ਦੀ ਗ਼ਰੀਬੀ ਘਟਾਉਣ ਵਿੱਚ ਨੇਪਾਲ, ਬੰਗਲਾਦੇਸ਼ ਅਤੇ ਰਵਾਂਡਾ ਵਰਗੇ ਮੁਲਕਾਂ ਤੋਂ ਵੀ ਪਿੱਛੇ ਹੈ। ਗ਼ਰੀਬੀ ਰੇਖਾ ਨੂੰ ਮਿਟਾਉਣ ਲਈ ਅਜੇ ਪੰਜਾਹ ਸਾਲ ਹੋਰ ਲੱਗ ਸਕਦੇ ਹਨ। ਸੜਕਾਂ 'ਤੇ ਰੋੜੀ ਕੁੱਟਣ ਵਾਲਿਆਂ ਨੂੰ ਕਾਰਾਂ 'ਤੇ ਚੜ੍ਹਨ ਦਾ ਮੌਕਾ ਕਦੋਂ ਮਿਲੇਗਾ? ਖੇਤਾਂ ਵਿੱਚ ਮਿਹਨਤ ਕਰ ਕੇ ਅਨਾਜ ਪੈਦਾ ਕਰਨ ਵਾਲਿਆਂ ਨੂੰ ਢਿੱਡ ਭਰਵਾਂ ਖਾਣਾ ਕਦੋਂ ਮਿਲੇਗਾ? ਬਹੁ-ਮੰਜ਼ਿਲਾ ਫਲੈਟ ਉਸਾਰਨ ਵਾਲਿਆਂ ਨੂੰ ਛੱਤ ਕਦੋਂ ਨਸੀਬ ਹੋਵਗੀ? ਕਪਾਹ ਪੈਦਾ ਕਰਨ ਵਾਲਿਆਂ ਨੂੰ ਕਦੋਂ ਆਪਣਾ ਜਿਸਮ ਢੱਕਣ ਲਈ ਲੋੜੀਂਦਾ ਕੱਪੜਾ ਮਿਲੇਗਾ? ਸਾਡੇ ਦੇਸ਼ ਲਈ ਇਹ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਵਿੱਚੋਂ ਸਫ਼ਲ ਹੋ ਕੇ ਪਾਰ ਲੰਘਣਾ ਔਖਾ ਕੰਮ ਹੈ।
ਕੌਮਾਂਤਰੀ ਪੱਧਰ 'ਤੇ ਕਿਰਤੀਆਂ ਨੂੰ ਸੰਗਠਿਤ ਕਰਨ ਦੀਆਂ ਕੋਸ਼ਿਸ਼ਾਂ ਤੋਂ ਕਿਤੇ ਪਹਿਲਾਂ 1699 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲਤਾੜੇ ਅਤੇ ਗ਼ਰੀਬ ਲੋਕਾਂ ਨੂੰ ਜ਼ੁਲਮ ਖ਼ਿਲਾਫ਼ ਡਟਣ ਲਈ ਪ੍ਰੇਰਿਤ ਕੀਤਾ। ਉਸ ਸਮੇਂ ਵਿਸਾਖੀ ਦਾ ਵੱਡਾ ਇਕੱਠ ਅਲੋਕਾਰੀ ਘਟਨਾ ਸੀ। ਦਸਮ ਪਿਤਾ ਨੇ ਗ਼ਰੀਬ ਅਤੇ ਮਜ਼ਦੂਰ ਕੌਮਾਂ ਨੂੰ ਇਕੱਠੇ ਕਰ ਕੇ ਸੰਗਠਿਤ ਰੂਪ ਵਿੱਚ ਵਿਤਕਰੇ ਅਤੇ ਜ਼ੁਲਮ ਵਿਰੁੱਧ ਲੜਨ ਲਈ ਜੋਸ਼ ਭਰਿਆ। ਪੂਰੇ ਵਿਸ਼ਵ ਵਿੱਚ ਇਹ ਇੱਕ ਨਿਵੇਕਲਾ ਯਤਨ ਸੀ ਜਿੱਥੇ ਲਾਚਾਰ, ਗ਼ਰੀਬ ਅਤੇ ਕਿਰਤੀ ਕਿਸਾਨਾਂ ਨੂੰ ਉਸ ਸਮੇਂ ਦੀ ਜ਼ਾਲਮ ਹਕੂਮਤ ਵਿਰੁੱਧ ਖੜ੍ਹਾ ਕੀਤਾ ਗਿਆ। ਇਸੇ ਕਾਰਨ ਉੱਤਰੀ ਭਾਰਤ ਵਿੱਚ ਵੱਡੀ ਸਮਾਜਿਕ ਅਤੇ ਰਾਜਨੀਤਕ ਤਬਦੀਲੀ ਦੀ ਸ਼ੁਰੂਆਤ ਹੋਈ।
ਸਿੱਖ ਧਰਮ ਦੀ ਬੁਨਿਆਦ ਹੀ ਸਮਾਜਿਕ ਅਤੇ ਆਰਥਿਕ ਨਾਬਰਾਬਰੀ ਖ਼ਤਮ ਕਰਨ 'ਤੇ ਟਿਕੀ ਹੋਈ ਹੈ। ਸਿੱਖ ਗੁਰੂ ਸਾਹਿਬਾਨ ਨੇ ਆਪਣੇ ਉਤਰਾਧਿਕਾਰੀ ਵੀ ਇਸੇ ਵਿਚਾਰਧਾਰਾ 'ਤੇ ਪਰਖ ਕੇ ਨਾਮਜ਼ਦ ਕੀਤੇ। ਦਸਮ ਪਿਤਾ ਵੱਲੋਂ ਖਾਲਸਾ ਪੰਥ ਦੀ ਸਾਜਨਾ ਇਸੇ ਪ੍ਰਕਿਰਿਆ ਦਾ ਸਿਖ਼ਰ ਸੀ। ਕਿਰਤੀਆਂ ਦਾ ਸਵੈਮਾਣ ਨਾਲ ਜਿਊਣਾ ਇਸੇ ਧਾਰਨਾ ਨਾਲ ਅਟੁੱਟ ਰੂਪ ਵਿੱਚ ਜੁੜਿਆ ਹੋਇਆ ਹੈ। ਇਸੇ ਲਈ ਮਜ਼ਦੂਰ ਦਿਵਸ ਦੀ ਮਹੱਤਤਾ ਸਾਡੇ ਲਈ ਹੋਰ ਵੀ ਵਧ ਜਾਂਦੀ ਹੈ।
ਹੁਣ ਦੇਖਣਾ ਇਹ ਹੈ ਕਿ ਇਹੋ ਜਿਹੀ ਲਾਸਾਨੀ ਪਰੰਪਰਾ ਦੇ ਬਾਵਜੂਦ ਅਸੀਂ ਮਜ਼ਦੂਰਾਂ ਅਤੇ ਕਾਮਿਆਂ ਦੇ ਮੁੱਢਲੇ ਹੱਕਾਂ ਬਾਰੇ ਕਿੰਨੇ ਕੁ ਸੁਚੇਤ ਹੁੰਦੇ ਹਾਂ? ਗ਼ੈਰ-ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਵਰਗ ਪ੍ਰਤੀ ਸਾਡੀ ਉਦਾਸੀਨਤਾ ਅਤੇ ਅਕਸਰ ਹੋ ਰਹੀਆਂ ਉਲੰਘਣਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇੱਕ ਸਾਲਾਨਾ ਰਿਪੋਰਟ ਨਸ਼ਰ ਕੀਤੀ ਜਾਵੇ, ਜਿਸ ਵਿੱਚ ਜਾਤ-ਪਾਤ ਤੇ ਆਰਥਿਕ ਆਧਾਰ 'ਤੇ ਹੋ ਰਹੇ ਵਿਤਕਰਿਆਂ ਨੂੰ ਉਜਾਗਰ ਕੀਤਾ ਜਾਵੇ ਅਤੇ ਮਾੜੇ ਪ੍ਰਬੰਧਾਂ ਦਾ ਸ਼ਿਕਾਰ ਹੋਏ ਕਾਮਿਆਂ ਦੇ ਮੁੜਵਸੇਬੇ ਦੇ ਯਤਨ ਕੀਤੇ ਜਾਣ।
ਮਜ਼ਦੂਰਾਂ ਅਤੇ ਕਾਮਿਆਂ ਦੇ ਵਿਹੜੇ ਸਦਾ ਚਾਨਣ ਰਹੇ ਅਤੇ ਸਵੈਮਾਣ ਭਰੀ ਜ਼ਿੰਦਗੀ ਜਿਊਣ ਦਾ ਸਭ ਨੂੰ ਹੱਕ ਹੋਵੇ। ਜੇਕਰ ਮਜ਼ਦੂਰ ਅਤੇ ਕਿਸਾਨ ਦੀ ਜ਼ਿੰਦਗੀ ਬਿਹਤਰ ਨਹੀਂ ਹੋਵੇਗੀ ਤਾਂ ਇਹ ਵਿਵਸਥਾ ਵੀ ਲੰਮਾ ਸਮਾਂ ਨਹੀਂ ਚੱਲ ਸਕੇਗੀ। ਦੁਨੀਆ ਵਿੱਚ ਅਮਨ-ਸ਼ਾਂਤੀ ਅਤੇ ਸਥਿਰਤਾ ਇਸੇ ਗੱਲ 'ਤੇ ਨਿਰਭਰ ਹੈ ਕਿ ਕਿਰਤੀਆਂ ਅਤੇ ਕਾਮਿਆਂ ਦੀ ਜ਼ਿੰਦਗੀ ਵਿੱਚ ਕਦੋਂ ਅਤੇ ਕਿੰਨਾ ਕੁ ਸੁਧਾਰ ਆਉਂਦਾ ਹੈ। ਸਾਡੇ ਪੰਜਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਸਤਰਾਂ ਵਿੱਚ ਕੀਤੀ ਅਰਜ਼ੋਈ ਸਾਡੀ ਸਭਨਾਂ ਦੀ ਹੈ:
ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।
