ਸੁਪਰੀਮ ਕੋਰਟ ਨੇ ਕਾਂਗਰਸ ਆਗੂ ਮੀਨਾਕਸ਼ੀ ਨਟਰਾਜਨ ਦੀ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ, ਜਿਸ 'ਚ ਉਨ੍ਹਾਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਸੰਵਿਧਾਨ ਦੀ ਧਾਰਾ 329(ਬੀ) ਤਹਿਤ ਚੋਣ ਪ੍ਰਕਿਰਿਆ ਦੌਰਾਨ ਨਿਆਂਇਕ ਦਖ਼ਲਅੰਦਾਜ਼ੀ ਦੀ ਮਨਾਹੀ ਹੈ ਪਰ ਉਨ੍ਹਾਂ ਨੂੰ ਚੋਣ ਪਟੀਸ਼ਨ ਰਾਹੀਂ ਹਾਈ ਕੋਰਟ ਜਾਣ ਦੀ ਖੁੱਲ੍ਹ ਦਿੱਤੀ ਗਈ ਹੈ।
ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਜਸਟਿਸ ਅਤੁਲ ਐੱਸ ਚੰਦੂਰਕਰ ਦੇ ਬੈਂਚ ਨੇ ਨਟਰਾਜਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਮੁਵੱਕਿਲ ਦੀ ਨਾਮਜ਼ਦਗੀ ਰੱਦ ਕੀਤੇ ਜਾਣ 'ਚ ਹੋਈਆਂ 'ਸਪੱਸ਼ਟ ਅਤੇ ਪ੍ਰਤੱਖ' ਗਲਤੀਆਂ ਨੂੰ ਸੁਧਾਰਨ ਲਈ ਧਾਰਾ 32 ਦਾ ਸਹਾਰਾ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀ ਨੇ ਮਨਮਾਨਾ ਫ਼ੈਸਲਾ ਲਿਆ ਹੈ ਕਿਉਂਕਿ ਤਿਲੰਗਾਨਾ 'ਚ ਨਟਰਾਜਨ ਖ਼ਿਲਾਫ਼ ਕੋਈ ਦੋਸ਼ ਤੈਅ ਨਹੀਂ ਹੋਏ ਹਨ। ਉਧਰ ਜੇਤੂ ਉਮੀਦਵਾਰ ਮਹੇਸ਼ ਕੇਵਟ ਦੇ ਵਕੀਲ ਮੁਕੁਲ ਰੋਹਤਗੀ ਅਤੇ ਚੋਣ ਕਮਿਸ਼ਨ ਦੇ ਵਕੀਲ ਡੀ ਐੱਸ ਨਾਇਡੂ ਨੇ ਕਿਹਾ ਕਿ ਚੋਣ ਲੜਨਾ ਕੋਈ ਮੌਲਿਕ ਨਹੀਂ ਕਾਨੂੰਨੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਫਾਰਮ 26 'ਚ ਤਿਲੰਗਾਨਾ ਕੋਰਟ ਕੇਸ ਦੀ ਜਾਣਕਾਰੀ ਛੁਪਾਉਣ ਕਾਰਨ ਹਲਫ਼ਨਾਮਾ ਅਧੂਰਾ ਸੀ, ਜਿਸ ਕਾਰਨ ਨਾਮਜ਼ਦਗੀ ਰੱਦ ਕਰਨਾ ਜਾਇਜ਼ ਹੈ।
ਰਾਸ਼ਟਰਪਤੀ ਭਵਨ ਵੱਲ ਵਧ ਰਹੇ ਕਾਂਗਰਸੀਆਂ ਨੂੰ ਹਿਰਾਸਤ 'ਚ ਲਿਆ
ਨਵੀਂ ਦਿੱਲੀ (ਮਨਧੀਰ ਦਿਓਲ): ਕਾਂਗਰਸ ਆਗੂ ਮੀਨਾਕਸ਼ੀ ਨਟਰਾਜਨ ਦੀ ਰਾਜ ਸਭਾ ਲਈ ਨਾਮਜ਼ਦਗੀ ਰੱਦ ਕੀਤੇ ਜਾਣ 'ਤੇ ਮੱਧ ਪ੍ਰਦੇਸ਼ ਦੇ ਸੀਨੀਅਰ ਆਗੂਆਂ ਅਤੇ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਕਰਦਿਆਂ 'ਸੱਤਿਆਗ੍ਰਹਿ' ਕੀਤਾ। ਇਸ ਦੌਰਾਨ ਜਦੋਂ ਉਨ੍ਹਾਂ ਰਾਸ਼ਟਰਪਤੀ ਭਵਨ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਕਈ ਆਗੂਆਂ ਅਤੇ ਵਿਧਾਇਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਘਾਰ ਦੀ ਅਗਵਾਈ ਹੇਠ ਮੱਧ ਪ੍ਰਦੇਸ਼ ਕਾਂਗਰਸ ਦੇ ਵਿਧਾਇਕ ਦਲ ਨੇ ਦਿੱਲੀ 'ਚ ਪ੍ਰਦਰਸ਼ਨ ਕੀਤਾ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਜੰਤਰ-ਮੰਤਰ ਤੋਂ ਬਾਹਰ ਜਾਣ ਤੋਂ ਰੋਕਣ ਲਈ ਬੈਰੀਕੇਡ ਲਗਾਏ ਹੋਏ ਸਨ। ਪੁਲੀਸ ਨੇ ਦਿੱਲੀ ਦੇ 24, ਅਕਬਰ ਰੋਡ 'ਤੇ ਕਾਂਗਰਸ ਹੈੱਡਕੁਆਰਟਰ ਨੇੜੇ ਵੀ ਬੈਰੀਕੇਡ ਲਗਾਏ ਸਨ ਤਾਂ ਜੋ ਪ੍ਰਦਰਸ਼ਨਕਾਰੀ ਅੱਗੇ ਨਾ ਵਧ ਸਕਣ। ਜੰਤਰ-ਮੰਤਰ 'ਤੇ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਜੀਤੂ ਪਟਵਾਰੀ ਦੀ ਪੁਲੀਸ ਨਾਲ ਤਿੱਖੀ ਬਹਿਸ ਵੀ ਹੋਈ ਜਿਸ ਮਗਰੋਂ ਉਸ ਨੂੰ ਪੁਲੀਸ ਬੱਸ ਵਿੱਚ ਜਬਰੀ ਬਿਠਾਇਆ ਗਿਆ।
'ਸੀਟ ਚੋਰੀ' ਖ਼ਿਲਾਫ਼ ਲੜਾਂਗੇ: ਨਟਰਾਜਨ
ਨਵੀਂ ਦਿੱਲੀ: ਕਾਂਗਰਸ ਆਗੂ ਮੀਨਾਕਸ਼ੀ ਨਟਰਾਜਨ ਨੇ ਕਿਹਾ ਕਿ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ 'ਸੀਟ ਚੋਰੀ' ਹੋਈ ਹੈ ਅਤੇ ਉਹ ਇਸ ਖ਼ਿਲਾਫ਼ ਲੜਨ ਲਈ ਤਿਆਰ ਹਨ। ਨਟਰਾਜਨ ਨੇ ਕਿਹਾ ਕਿ ਇਹ ਵਿਅਕਤੀਗਤ ਹਾਰ ਦਾ ਸਵਾਲ ਨਹੀਂ ਹੈ ਸਗੋਂ ਜ਼ਿਆਦਾ ਫ਼ਿਕਰ ਦੀ ਗੱਲ ਉਹ 'ਝਟਕੇ ਹਨ, ਜੋ ਲੋਕਤੰਤਰ ਨੂੰ ਵਾਰ ਵਾਰ ਲੱਗ ਰਹੇ ਹਨ।' ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਹੁਣ ਨਿਰਪੱਖ ਨਹੀਂ ਰਹਿ ਗਿਆ ਹੈ ਅਤੇ ਪਾਰਟੀ ਅਗਲੇ ਕਦਮ ਬਾਰੇ ਫ਼ੈਸਲਾ ਲਵੇਗੀ।
