Surat Bus Accident : ਗੁਜਰਾਤ ਦੇ ਸੂਰਤ ਜ਼ਿਲ੍ਹੇ ਦੇ ਬਾਰਡੋਲੀ ਕਸਬੇ ਨੇੜੇ ਮਹਾਰਾਸ਼ਟਰ ਰਾਜ ਸੜਕ ਆਵਾਜਾਈ ਨਿਗਮ (ਐੱਮਐੱਸਆਰਟੀਸੀ) ਦੁਆਰਾ ਸੰਚਾਲਿਤ ਦੋ ਬੱਸਾਂ ਦੀ ਟੱਕਰ ਵਿੱਚ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਗਪਗ 40 ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉਵਾ ਪਿੰਡ ਨੇੜੇ ਨੈਸ਼ਨਲ ਹਾਈਵੇ ਨੰਬਰ 53 'ਤੇ ਵਾਪਰੀ ਅਤੇ ਦੱਸਿਆ ਕਿ ਇਹ ਸੜਕ ਮਹਾਰਾਸ਼ਟਰ ਨੂੰ ਗੁਜਰਾਤ ਨਾਲ ਜੋੜਦੀ ਹੈ।
ਸੂਰਤ ਜ਼ਿਲ੍ਹੇ ਦੇ ਪੁਲੀਸ ਸੁਪਰਡੈਂਟ ਰਾਜੇਸ਼ ਘਾਡੀਆ ਨੇ ਦੱਸਿਆ ਕਿ ਇੱਕ ਬੱਸ ਸੂਰਤ ਤੋਂ ਧੂਲੇ ਜਾ ਰਹੀ ਸੀ, ਜਦਕਿ ਦੂਜੀ ਮਹਾਰਾਸ਼ਟਰ ਦੇ ਚਾਲੀਸਗਾਂਵ ਤੋਂ ਸੂਰਤ ਵੱਲ ਜਾ ਰਹੀ ਸੀ।
ਘਾਡੀਆ ਨੇ ਕਿਹਾ, “ਬਾਰਡੋਲੀ ਤੋਂ ਵਿਆਰਾ ਜਾਣ ਵਾਲੇ ਹਾਈਵੇਅ ‘ਤੇ, ਮਹਾਰਾਸ਼ਟਰ ਵੱਲ ਜਾ ਰਹੀ ਬੱਸ ਇੱਕ ਟਰੈਕਟਰ ਨਾਲ ਟਕਰਾ ਗਈ। ਸੰਤੁਲਨ ਗੁਆਉਣ ਤੋਂ ਬਾਅਦ, ਉਹ ਡਿਵਾਈਡਰ ਟੱਪ ਗਈ ਅਤੇ ਮਹਾਰਾਸ਼ਟਰ ਵਾਲੇ ਪਾਸਿਓਂ ਆ ਰਹੀ ਬੱਸ ਨਾਲ ਟਕਰਾ ਗਈ, ਜਿਸ ਕਾਰਨ ਉਹ ਪਲਟ ਗਈ ਅਤੇ ਸੜਕ ਦੇ ਨਾਲ ਲੱਗਦੇ ਇੱਕ ਨੀਵੇਂ ਇਲਾਕੇ ਵਿੱਚ ਜਾ ਡਿੱਗੀ। ਬੱਸ ਨੂੰ ਅੱਗ ਲੱਗ ਗਈ।”
ਉਨ੍ਹਾਂ ਦੱਸਿਆ ਕਿ ਸੂਰਤ ਅਤੇ ਗੁਆਂਢੀ ਤਾਪੀ ਜ਼ਿਲ੍ਹੇ ਦੀ ਪੁਲੀਸ, ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ, “ਅਸੀਂ ਬੱਸ ਵਿੱਚ ਫਸੇ ਕਈ ਯਾਤਰੀਆਂ ਨੂੰ ਬਾਹਰ ਕੱਢਿਆ ਅਤੇ ਜ਼ਖ਼ਮੀਆਂ ਨੂੰ ਬਾਰਡੋਲੀ ਹਸਪਤਾਲ ਪਹੁੰਚਾਇਆ। ਦੋਵਾਂ ਬੱਸਾਂ ਵਿੱਚ ਸਵਾਰ ਲਗਭਗ 40 ਲੋਕ ਜ਼ਖ਼ਮੀ ਹੋਏ, ਜਦਕਿ ਸੱਤ ਲੋਕਾਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਉਸ ਬੱਸ ਵਿੱਚ ਸਨ ਜਿਸ ਨੂੰ ਅੱਗ ਲੱਗੀ ਸੀ।”
