Dailyhunt

ਟਰੰਪ ਦੇ ਬਜਟ 'ਚ ਰੱਖਿਆ ਖ਼ਰਚ ਵਿੱਚ ਭਾਰੀ ਵਾਧੇ ਦੀ ਤਜਵੀਜ਼

'ਵ੍ਹਾਈਟ ਹਾਊਸ' ਰਾਸ਼ਟਰਪਤੀ ਡੋਨਲਡ ਟਰੰਪ ਦੀ 2027 ਦੀ ਬਜਟ ਸਬੰਧੀ ਤਜਵੀਜ਼ ਜਾਰੀ ਕਰੇਗਾ। ਵ੍ਹਾਈਟ ਹਾਊਸ ਦੇ ਬਜਟ ਦਸਤਾਵੇਜ਼ ਅਨੁਸਾਰ ਟਰੰਪ ਨੇ 2027 ਦੇ ਵਿੱਤੀ ਸਾਲ ਲਈ ਗ਼ੈਰ-ਰੱਖਿਆ ਤੇ ਹੋਰ ਖਰਚਿਆਂ ਵਿੱਚ 10 ਫੀਸਦ ਕਟੌਤੀ ਅਤੇ ਰੱਖਿਆ ਖਰਚਿਆਂ ਵਿੱਚ 500 ਅਰਬ ਡਾਲਰ ਦੇ ਵਾਧੇ ਦੀ ਮੰਗ ਕੀਤੀ ਹੈ। ਅਮਰੀਕਾ ਦੀ ਅਗਵਾਈ ਹੇਠ ਇਰਾਨ 'ਤੇ ਕੀਤੇ ਹਮਲੇ ਤੋਂ ਪਹਿਲਾਂ ਹੀ ਰਿਪਬਲਿਕਨ ਪਾਰਟੀ ਦੇ ਆਗੂ ਤੇ ਰਾਸ਼ਟਰਪਤੀ ਟਰੰਪ ਸੰਕੇਤ ਦੇ ਚੁੱਕੇ ਹਨ ਕਿ ਉਹ 21ਵੀਂ ਸਦੀ ਦੇ ਖ਼ਤਰਿਆਂ ਨੂੰ ਦੇਖਦੇ ਹੋਏ ਫ਼ੌਜ ਦੇ ਆਧੁਨਿਕੀਕਰਨ ਲਈ ਰੱਖਿਆ ਖ਼ਰਚ ਵਧਾਉਣਾ ਚਾਹੁੰਦੇ ਹਨ।

ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ 'ਪੈਂਟਾਗਨ' ਨੇ ਪਿਛਲੇ ਮਹੀਨੇ ਜੰਗੀ ਕੋਸ਼ਿਸ਼ਾਂ ਅਤੇ ਹਥਿਆਰਾਂ ਤੇ ਸਪਲਾਈ ਦੀ ਪੂਰਤੀ ਲਈ 200 ਅਰਬ ਡਾਲਰ ਦੇ ਵਾਧੂ ਖ਼ਰਚ ਦੀ ਤਜਵੀਜ਼ ਪੇਸ਼ ਕੀਤੀ ਸੀ। ਇਸ ਹਫ਼ਤੇ ਇਰਾਨ ਜੰਗ ਬਾਰੇ ਕੌਮ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਟਰੰਪ ਨੇ ਸੰਕੇਤ ਦਿੱਤਾ ਕਿ ਫ਼ੌਜੀ ਖ਼ਰਚ ਉਨ੍ਹਾਂ ਦੀ ਸਿਖਰਲੀ ਤਰਜੀਹ ਹੈ, ਜਿਸ ਕਾਰਨ ਕਾਂਗਰਸ 'ਚ ਇਸ ਮੁੱਦੇ 'ਤੇ ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਤੇ ਦਫ਼ਤਰ 'ਵ੍ਹਾਈਟ ਹਾਊਸ' 'ਚ ਲੰਘੇ ਬੁੱਧਵਾਰ ਨਿੱਜੀ ਪ੍ਰੋਗਰਾਮ ਦੌਰਾਨ ਟਰੰਪ ਨੇ ਕਿਹਾ, ''ਅਸੀਂ ਜੰਗ ਲੜ ਰਹੇ ਹਾਂ। ਅਸੀਂ 'ਡੇਅ ਕੇਅਰ' ਜਿਹੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੇ।''

Dailyhunt
Disclaimer: This content has not been generated, created or edited by Dailyhunt. Publisher: Punjabi Tribune