ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰਾਜੈਕਟਾਂ ਲਈ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਲੰਬੇ ਸਮੇਂ ਤੋਂ ਲਟਕ ਰਹੇ ਜ਼ਮੀਨ ਅਲਾਟਮੈਂਟ ਦੇ ਮੁੱਦਿਆਂ ਨੂੰ ਹੱਲ ਕੀਤਾ ਹੈ। ਇਸ ਤਹਿਤ ਹੁਣ ਰਾਜਧਾਨੀ ਵਿੱਚ ਸੁਰੱਖਿਆ, ਸਿੱਖਿਆ, ਸ਼ਹਿਰੀ ਸੇਵਾਵਾਂ, ਸਿਹਤ ਸੰਭਾਲ ਅਤੇ ਵਾਤਾਵਰਨ ਪ੍ਰਬੰਧਨ ਨਾਲ ਸਬੰਧਤ ਪ੍ਰਾਜੈਕਟਾਂ ਲਈ ਕਈ ਥਾਵਾਂ 'ਤੇ ਜ਼ਮੀਨ ਅਲਾਟ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਦਿਲਕੁਸ਼ਾ ਬਾਗ, ਸਾਗਰਪੁਰ, ਸੁਯੂਰਪੁਰ ਅਤੇ ਕਿਸ਼ਨਗੜ੍ਹ ਵਿੱਚ ਨਵੇਂ ਪੁਲੀਸ ਸਟੇਸ਼ਨ ਬਣਾਏ ਜਾਣਗੇ। ਨਰੇਲਾ ਵਿੱਚ ਇੱਕ ਨਵੀਂ ਫੋਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਲਈ ਵੀ ਜ਼ਮੀਨ ਅਲਾਟ ਕੀਤੀ ਗਈ ਹੈ, ਜਦੋਂ ਕਿ ਇੰਟੈਲੀਜੈਂਸ ਬਿਊਰੋ ਨੂੰ ਧੀਰਪੁਰ ਅਤੇ ਤਾਹਿਰਪੁਰ ਵਿਖੇ ਸਟੇਸ਼ਨਾਂ ਲਈ ਜ਼ਮੀਨ ਦਿੱਤੀ ਗਈ ਹੈ। ਰੋਹਿਣੀ ਅਤੇ ਸ਼ਾਹਦਰਾ ਵਿੱਚ ਨਿਆਂਪਾਲਿਕਾ ਦੇ ਸਟਾਫ਼ ਦੀ ਰਿਹਾਇਸ਼ ਲਈ ਜ਼ਮੀਨ ਨਿਰਧਾਰਤ ਕੀਤੀ ਗਈ ਹੈ। ਸਨੋਥ ਵਿੱਚ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੂੰ ਮੈਟਰੋ ਡਿਪੂ ਲਈ ਲਗਭਗ 20 ਹੈਕਟੇਅਰ ਜ਼ਮੀਨ ਅਲਾਟ ਕੀਤੀ ਗਈ ਹੈ, ਜਦੋਂ ਕਿ ਨਰੇਲਾ ਵਿੱਚ ਹੋਰ 16 ਹੈਕਟੇਅਰ ਜ਼ਮੀਨ ਕਾਸਟਿੰਗ ਯਾਰਡ ਲਈ ਦਿੱਤੀ ਗਈ ਹੈ। ਦਿੱਲੀ ਨਗਰ ਨਿਗਮ ਨੂੰ ਕੂੜਾ ਇਕੱਠਾ ਕਰਨ ਅਤੇ ਇਸ ਦੇ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਫਿਕਸਡ ਕੰਪੈਕਟਰ ਟ੍ਰਾਂਸਫਰ ਸਟੇਸ਼ਨਾਂ ਵਾਸਤੇ 24 ਥਾਵਾਂ ਅਲਾਟ ਕੀਤੀਆਂ ਗਈਆਂ ਹਨ। ਦਿੱਲੀ ਜਲ ਬੋਰਡ ਨੂੰ ਅੱਠ ਥਾਵਾਂ 'ਤੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਅਤੇ ਸੀਵਰੇਜ ਪੰਪਿੰਗ ਸਟੇਸ਼ਨਾਂ ਲਈ ਜ਼ਮੀਨ ਦਿੱਤੀ ਗਈ ਹੈ।
