ਐੱਸ ਆਈ ਆਰ ਦੀ ਪ੍ਰਕਿਰਿਆ ਦੌਰਾਨ ਬੀ ਐੱਲ ਓ ਵਜੋਂ ਡਿਊਟੀ ਕਰ ਰਹੇ ਈ ਟੀ ਟੀ ਅਧਿਆਪਕ ਹਰਪ੍ਰੀਤ ਸਿੰਘ 'ਤੇ ਆਨੰਦ ਨਗਰ-ਬੀ ਪਟਿਆਲਾ ਵਿੱਚ ਹੋਏ ਕਥਿਤ ਹਮਲੇ ਦੀ ਘਟਨਾ ਖ਼ਿਲਾਫ਼ ਅਧਿਆਪਕ ਜਥੇਬੰਦੀਆਂ ਵੱਲੋਂ ਡੀ ਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਧਰਨੇ 'ਚ ਪਹੁੰਚ ਕੇ ਏ ਡੀ ਸੀ ਨਵਰੀਤ ਕੌਰ ਸੇਖੋਂ ਨੇ ਮੰਗ ਪੱਤਰ ਪ੍ਰਾਪਤ ਕਰਦਿਆਂ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਵੀ ਦਿੱਤਾ।
ਉਨ੍ਹਾਂ ਬੀ ਐੱਲ ਓ ਵੱਲੋਂ ਡਿਊਟੀਆਂ ਨਿਭਾਅ ਰਹੇ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਅਧਿਆਪਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ 'ਤੇ ਡਰੱਗ ਅਤੇ ਸਮਾਜਿਕ ਆਰਥਿਕ ਜਨਗਣਨਾ ਦੀਆਂ ਸਵੈ-ਇੱਛੁਕ ਡਿਊਟੀਆਂ ਨੂੰ ਧੱਕੇ ਨਾਲ ਲਾਉਣ ਦੇ ਦੋਸ਼ ਵੀ ਲਾਏ ਤੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਫਾਰਗ ਕਰਨ ਦੀ ਮੰਗ ਕੀਤੀ। ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਰਾਮ ਸ਼ਰਨ ਅਲਹੌਰਾਂ, ਗੁਰਜੀਤ ਘੱਗਾ, ਰਜਿੰਦਰ ਸਮਾਣਾ, ਪਰਮਵੀਰ ਪੰਮੀ, ਗਗਨ ਰਾਣੂ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਦੀਦਾਰ ਸਿੰਘ ਤੇ ਜਸਵਿੰਦਰ ਸੌਜਾ ਨੇ ਕਿਹਾ ਕਿ ਬੀ ਐੱਲ ਓਜ਼ ਪਹਿਲਾਂ ਹੀ ਕੰਮ ਦੇ ਦਬਾਅ ਹੇਠ ਹਨ। ਇਸ ਸਮੇਂ ਬੀ ਐੱਲ ਓ ਅਧਿਆਪਕਾਂ ਤੋਂ ਇਲਾਵਾ ਹਮਲੇ ਦਾ ਸ਼ਿਕਾਰ ਅਧਿਆਪਕ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ, ਸੁਖਪਾਲ ਰੋਮੀ, ਹਰਿੰਦਰ ਪਟਿਆਲਾ, ਗੁਰਵਿੰਦਰ ਖੱਟੜਾ, ਜਗਜੀਤ ਜਟਾਣਾ, ਕ੍ਰਿਸ਼ਨ ਚੌਹਾਨਕੇ, ਜਗਦੀਪ ਜੱਗੀ, ਪ੍ਰਿਤਪਾਲ ਚਾਹਲ, ਕੁਲਦੀਪ ਪਟਿਆਲਵੀ ਅਤੇ ਜੀ ਟੀ ਯੂ ਤੋਂ ਹਰਦੀਪ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।
