ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਆਲ ਇੰਡੀਆ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਟੀ-20 ਕ੍ਰਿਕਟ ਟੂਰਨਾਮੈਂਟ 2026 ਸੀਜ਼ਨ-2 ਵਿੱਚ ਪੰਜਾਬ ਦੀ ਜੇਤੂ ਮੁਹਿੰਮ ਜਾਰੀ ਹੈ। ਪੰਜਾਬ ਨੇ ਹੁਣ ਤੱਕ ਤਿੰਨ ਮੈਚ ਖੇਡੇ ਹਨ ਅਤੇ ਤਿੰਨਾਂ ਵਿਚ ਹੀ ਜਿੱਤ ਦਰਜ ਕਰਕੇ ਛੇ ਪੁਆਇੰਟ ਹਾਸਲ ਕਰ ਲਏ ਹਨ। ਹਰਿਆਣਾ ਨੇ ਵੀ ਦੋ ਮੈਚ ਖੇਡ ਕੇ ਦੋਵਾਂ ਵਿੱਚ ਹੀ ਜਿੱਤ ਦਰਜ ਕੀਤੀ ਹੈ ਤੇ ਉਸ ਦੇ ਚਾਰ ਅੰਕ ਹਨ।
ਉਤਰਾਖੰਡ ਦੇ ਅੰਕ ਸੂਚੀ ਵਿੱਚ ਦੋ ਅਤੇ ਹਿਮਾਚਲ ਅਤੇ ਦਿੱਲੀ ਦਾ ਕੋਈ ਵੀ ਅੰਕ ਨਹੀਂ ਬਣ ਸਕਿਆ ਹੈ।
ਅੱਜ ਪਹਿਲਾ ਮੈਚ ਹਰਿਆਣਾ ਮੰਡੀ ਬੋਰਡ ਅਤੇ ਹਿਮਾਚਲ ਪ੍ਰਦੇਸ਼ ਮੰਡੀ ਬੋਰਡ ਵਿੱਚ ਹੋਇਆ। ਪਹਿਲਾ ਬੱਲੇਬਾਜ਼ੀ ਕਰਦਿਆਂ ਹਰਿਆਣਾ ਮੰਡੀ ਬੋਰਡ ਦੀ ਟੀਮ ਨੇ 20 ਓਵਰਾਂ ਵਿੱਚ 9 ਵਿਕਟਾਂ ਗਵਾ ਕੇ 165 ਦੌੜਾਂ ਬਣਾਇਆਂ। ਹਿਮਾਚਲ ਪ੍ਰਦੇਸ਼ ਦੀ ਟੀਮ 14 ਓਵਰਾਂ ਵਿੱਚ 71 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਤੇ ਹਰਿਆਣਾ ਮੰਡੀ ਬੋਰਡ ਨੇ ਇਹ ਮੈਚ 94 ਦੌੜਾਂ ਨਾਲ ਜਿੱਤ ਲਿਆ।
ਦੂਜਾ ਮੈਚ ਪੰਜਾਬ ਮੰਡੀ ਬੋਰਡ ਅਤੇ ਉੱਤਰਾਖੰਡ ਮੰਡੀ ਬੋਰਡ ਦੀਆਂ ਟੀਮਾਂ ਵਿਚਕਾਰ ਹੋਇਆ।
ਪਹਿਲਾ ਬੱਲੇਬਾਜ਼ੀ ਕਰਦਿਆਂ ਪੰਜਾਬ ਮੰਡੀ ਬੋਰਡ ਦੀ ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 157 ਦੌੜਾਂ ਬਣਾਈਆਂ। ਉਤਰਾਖੰਡ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 118 ਦੌੜਾਂ ਹੀ ਬਣਾ ਸਕੀ। ਪੰਜਾਬ ਮੰਡੀ ਬੋਰਡ ਨੇ ਇਹ ਮੈਚ 39 ਦੌੜਾਂ ਨਾਲ ਜਿੱਤ ਲਿਆ।
