Dailyhunt

ਉਮਰ ਤੇ ਮਹਿਬੂਬਾ ਨੇ ਗੰਦਰਬਲ ਮੁਕਾਬਲੇ 'ਤੇ ਸਵਾਲ ਚੁੱਕੇ

ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ ਡੀ ਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਗੰਦਰਬਲ ਮੁਕਾਬਲੇ ਸਬੰਧੀ ਅਧਿਕਾਰੀਆਂ ਦੇ ਬਿਆਨਾਂ 'ਤੇ ਸਵਾਲ ਚੁੱਕੇ ਹਨ। ਉਮਰ ਅਬਦੁੱਲਾ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ 29 ਸਾਲ ਦਾ ਸਥਾਨਕ ਨੌਜਵਾਨ ਮਾਰਿਆ ਗਿਆ, ਜਿਸ ਦੀ ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ।
ਫੌਜ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਵਾਦੀ ਦੇ ਗੰਦਰਬਲ ਜ਼ਿਲ੍ਹੇ ਦੇ ਅਰਹਾਮਾ ਵਿੱਚ ਪੂਰੀ ਰਾਤ ਚੱਲੇ ਮੁਕਾਬਲੇ ਵਿੱਚ ਸਥਾਨਕ ਅਤਿਵਾਦੀ ਮਾਰਿਆ ਗਿਆ। ਰਾਸ਼ਿਦ ਅਹਿਮਦ ਮੁਗਲ ਦੇ ਪਰਿਵਾਰਕ ਜੀਆਂ ਦਾ ਦਾਅਵਾ ਹੈ ਕਿ ਉਹ ਬੇਕਸੂਰ ਸੀ। ਅਬਦੁੱਲਾ ਨੇ 'ਐਕਸ' ਉੱਤੇ ਕਿਹਾ ਕਿ ਪਰਿਵਾਰ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਨਹੀਂ ਕਰਨਾ ਚਾਹੀਦਾ।

ਮਹਿਬੂਬਾ ਮੁਫ਼ਤੀ ਨੇ ਮੀਡੀਆ ਨੂੰ ਕਿਹਾ, ''ਪਹਿਲਾਂ ਫੌਜ ਨੇ ਉਸ ਨੂੰ ਵਿਦੇਸ਼ੀ ਅਤਿਵਾਦੀ ਦੱਸਿਆ, ਫਿਰ ਕਿਹਾ ਕਿ ਉਹ ਸਥਾਨਕ ਹੈ ਅਤੇ ਅਤਿਵਾਦ ਨਾਲ ਜੁੜਿਆ ਹੋਇਆ ਹੈ।'' ਉਨ੍ਹਾਂ ਦਾਅਵਾ ਕੀਤਾ ਕਿ ਰਾਸ਼ਿਦ ਅਨਾਥ ਸੀ ਅਤੇ ਐੱਨ ਜੀ ਓ ਚਲਾਉਂਦਾ ਸੀ।

Dailyhunt
Disclaimer: This content has not been generated, created or edited by Dailyhunt. Publisher: Punjabi Tribune