ਇੱਥੋਂ ਦੇ ਲਾਅ ਗੇਟ ਨੇੜੇ ਅੱਧੀ ਦਰਜਨ ਨੌਜਵਾਨਾਂ ਨੇ ਵਿਦਿਆਰਥੀ ਦੀ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਦੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਹਮਲਾਵਰਾਂ ਨੇ ਸਿਵਲ ਹਸਪਤਾਲ ਦੇ ਬਾਹਰ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਪੂਰੇ ਇਲਾਕੇ 'ਚ ਦਹਿਸ਼ਤ ਫ਼ੈਲ ਗਈ। ਜ਼ਖ਼ਮੀ ਵਿਦਿਆਰਥੀ ਦੀ ਪਛਾਣ ਮਹੇੜੂ ਵਿਚਲੇ ਪੀ ਜੀ ਵਿੱਚ ਰਹਿੰਦੇ ਆਦਿੱਤਿਆ ਚੌਧਰੀ ਵਜੋਂ ਹੋਈ ਹੈ।
ਹਸਪਤਾਲ ਦਾਖਲ ਆਦਿੱਤਿਆ ਨੇ ਦੱਸਿਆ ਕਿ ਉਹ ਆਪਣੇ ਦੋਸਤ ਆਨੰਦ ਰਾਜ ਨੂੰ ਮਿਲ ਕੇ ਵਾਪਸ ਆ ਰਿਹਾ ਸੀ ਤਾਂ ਪੀ ਜੀ ਨੇੜੇ ਕੁਝ ਲੜਕੇ-ਲੜਕੀਆਂ ਆਪਸ ਵਿੱਚ ਝਗੜ ਰਹੇ ਸਨ, ਜਦੋਂ ਉਹ ਉੱਥੋਂ ਲੰਘਿਆ ਤਾਂ ਉਥੇ ਮੌਜੂਦ ਲੜਕਿਆਂ ਨੇ ਉਸ ਨੂੰ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਉੱਪਰ ਹਮਲਾ ਕਰ ਦਿੱਤਾ, ਜਦੋਂ ਉਸ ਦੇ ਸਾਥੀ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਅਣਪਛਾਤੇ ਉੱਥੇ ਵੀ ਪਹੁੰਚ ਗਏ ਅਤੇ ਹਸਪਤਾਲ ਦੇ ਬਾਹਰ ਹਵਾ ਵਿੱਚ ਗੋਲੀਆਂ ਚਲਾਈਆਂ। ਚਹੇੜੂ ਚੌਕੀ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਆਦਿੱਤਿਆ ਦੇ ਬਿਆਨਾਂ ਦੇ ਆਧਾਰ 'ਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਐੱਸ ਐੱਚ ਓ ਸਿਟੀ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਹਸਪਤਾਲ ਵਿੱਚ ਹੰਗਾਮਾ ਕਰਨ ਅਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਪਲਵਿੰਦਰ ਸਿੰਘ, ਵਿਪਨ ਕੁਮਾਰ, ਸਰਬਜੀਤ ਸਿੰਘ ਉਰਫ਼ ਸਾਬੀ (ਸਾਰੇ ਵਾਸੀ ਜਲੰਧਰ), ਦੀਪੂ ਅਤੇ 8-10 ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਲਈ ਛਾਪੇ ਜਾਰੀ ਹਨ।
