ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੀ ਬੀ ਐੱਸ ਈ ਦੇ ਓ ਐੱਸ ਐੱਮ ਵਿਵਾਦ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਿਆ ਹੈ। ਰਾਹੁਲ ਨੇ ਵਿਦਿਆਰਥੀਆਂ ਨਾਲ ਆਪਣੇ ਸੰਵਾਦ ਦਾ ਵੀਡੀਓ ਸਾਂਝਾ ਕਰਦਿਆਂ ਉਨ੍ਹਾਂ ਨੂੰ ਬਹਾਦਰ ਨੌਜਵਾਨ ਦੱਸਿਆ ਜਿਨ੍ਹਾਂ ਮੋਦੀ ਸਰਕਾਰ ਤੋਂ ਸਰਲ ਸਵਾਲ ਪੁੱਛੇ ਪਰ ਬਦਲੇ 'ਚ ਜਵਾਬ ਦੀ ਬਜਾਏ ਅਪਮਾਨ ਮਿਲਿਆ।
ਉਨ੍ਹਾਂ ਵਿਦਿਆਰਥੀਆਂ ਨਾਲ ਮੀਟਿੰਗ ਦਾ ਵੀਡੀਓ 'ਐਕਸ' 'ਤੇ ਸਾਂਝੀ ਕਰਦਿਆਂ ਇਸ ਨੂੰ 'ਰਾਸ਼ਟਰ ਵਿਰੋਧੀ ਸੋਰੋਸ ਏਜੰਟ' ਨਾਲ ਤੱਥਾਂ ਨੂੰ ਸਾਹਮਣੇ ਲਿਆਉਣ ਵਾਲੀ ਗੱਲਬਾਤ
ਕਰਾਰ ਦਿੱਤਾ।
ਵੀਡੀਓ 'ਚ ਰਾਹੁਲ ਗਾਂਧੀ ਵਿਦਿਆਰਥੀਆਂ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਚਰਚਾ ਕਰਦੇ ਨਜ਼ਰ ਆ ਰਹੇ ਹਨ। ਉਹ ਮਜ਼ਾਹੀਆ ਲਹਿਜ਼ੇ 'ਚ ਆਖ ਰਹੇ ਹਨ ਕਿ ਕਿਵੇਂ ਜਾਇਜ਼ ਫ਼ਿਕਰਾਂ ਅਤੇ ਮੁੱਦਿਆਂ ਨੂੰ ਚੁੱਕਣ ਮਗਰੋਂ ਵਿਦਿਆਰਥੀਆਂ 'ਤੇ 'ਪਾਕਿਸਤਾਨੀ' ਅਤੇ 'ਡੀਪ ਸਟੇਟ ਏਜੰਟ' ਹੋਣ ਦਾ ਠੱਪਾ ਲਗਾ ਦਿੱਤਾ ਗਿਆ। ਉਨ੍ਹਾਂ ਪੂਰੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਮੰਗ ਕੀਤੀ। ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਵਿਦਿਆਰਥੀ ਉੱਜਵਲ ਅਤੇ ਸੁਰੱਖਿਅਤ ਭਵਿੱਖ ਦੇ ਹੱਕਦਾਰ ਹਨ ਅਤੇ ਉਹ ਇਹ ਯਕੀਨੀ ਬਣਾਉਣਗੇ। ਉਹ ਵੀਡੀਓ 'ਚ 12ਵੀਂ ਜਮਾਤ ਦੇ ਵਿਦਿਆਰਥੀ ਵੇਦਾਂਤ ਅਤੇ ਹੋਰਾਂ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ ਜਿਸ ਨੇ ਸੀ ਬੀ ਐੱਸ ਈ ਦੀ ਮੁਲਾਂਕਣ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਕਰਦਿਆਂ ਅਪਲੋਡ ਕੀਤੀ ਗਈ ਫਿਜ਼ਿਕਸ ਦੀ ਉੱਤਰ ਪੱਤਰੀ ਆਪਣੀ ਨਾ ਹੋਣ ਦਾ ਦਾਅਵਾ ਕੀਤਾ ਸੀ।
