Dailyhunt

ਵੱਖ-ਵੱਖ ਵਿਭਾਗਾਂ ਦੀਆਂ 90 ਸੇਵਾਵਾਂ ਸੇਵਾ ਦਾ ਅਧਿਕਾਰ ਐਕਟ ਤਹਿਤ ਸੂਚੀਬੱਧ

ਯੂ ਟੀ ਪ੍ਰਸ਼ਾਸਨ ਨੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਦੀਆਂ 90 ਹੋਰ ਸੇਵਾਵਾਂ ਨੂੰ ਪੰਜਾਬ ਸੇਵਾ ਦਾ ਅਧਿਕਾਰ ਐਕਟ ਤਹਿਤ ਸੂਚੀਬੱਧ ਕਰ ਦਿੱਤਾ ਹੈ। ਇਸ ਵਿੱਚ ਅਸਟੇਟ ਦਫ਼ਤਰ ਦੀਆਂ 35, ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (ਆਰ ਐੱਲ ਏ) ਦੀਆਂ 24, ਸਕੂਲ ਸਿੱਖਿਆ ਡਾਇਰੈਕਟੋਰੇਟ ਦੀਆਂ 8, ਉੱਚ ਸਿੱਖਿਆ ਡਾਇਰੈਕਟੋਰੇਟ ਦੀਆਂ 7, ਆਯੁਰਵੇਦ, ਯੋਗਾ ਅਤੇ ਕੁਦਰਤੀ ਇਲਾਜ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ ਡਾਇਰੈਕਟੋਰੇਟ ਅਤੇ ਚੰਡੀਗੜ੍ਹ ਬਾਲ ਅਤੇ ਮਹਿਲਾ ਵਿਕਾਸ ਨਿਗਮ ਲਿਮਟਿਡ ਦੀਆਂ 6-6, ਸੈਰ-ਸਪਾਟਾ ਵਿਭਾਗ ਅਤੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀ ਦੋ-ਦੋ ਸੇਵਾਵਾਂ ਸ਼ਾਮਲ ਹਨ।

ਯੂ ਟੀ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਅਸਟੇਟ ਦਫ਼ਤਰ ਹੁਣ 50 ਦਿਨਾਂ ਦੇ ਅੰਦਰ ਵਿਕਰੀ, ਤੋਹਫ਼ਾ, ਲੀਜ਼ ਅਧਿਕਾਰਾਂ ਦੇ ਤਬਾਦਲੇ (ਬਿਨਾਂ ਵਿਰੋਧ) ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐਨਓਸੀ) ਦੇਵੇਗਾ। 30 ਦਿਨਾਂ ਵਿੱਚ ਵਿਕਰੀ ਡੀਡ, ਤੋਹਫ਼ਾ, ਲੀਜ਼ ਤੇ ਅਧਿਕਾਰਾਂ ਦੇ ਤਬਾਦਲੇ ਦੇ ਆਧਾਰ 'ਤੇ ਮਾਲਕੀ, ਲੀਜ਼-ਹੋਲਡ ਅਧਿਕਾਰਾਂ ਵਿੱਚ ਤਬਦੀਲੀ ਕਰੇਗਾ। ਇਸੇ ਤਰ੍ਹਾਂ ਅਸਟੇਟ ਦਫ਼ਤਰ ਵੱਲੋਂ 35 ਦਿਨਾਂ ਵਿੱਚ ਜਾਇਦਾਦ ਨੂੰ ਲੀਜ਼ ਹੋਲਡ ਤੋਂ ਫਰੀ ਹੋਲਡ ਵਿੱਚ ਬਦਲਣ ਤੋਂ ਬਾਅਦ ਕੋਈ ਬਕਾਇਆ ਸਰਟੀਫਿਕੇਟ (ਐੱਨ ਡੀ ਸੀ) ਜਾਰੀ ਕੀਤਾ ਜਾਵੇਗਾ ਅਤੇ ਜਨਤਕ ਨੋਟਿਸ ਤੋਂ ਬਾਅਦ ਭਾਈਵਾਲੀ ਫਰਮ ਵਿੱਚ ਭਾਈਵਾਲਾਂ ਦੀ ਤਬਦੀਲੀ 20 ਦਿਨਾਂ ਅਤੇ ਦੁਕਾਨ-ਕਮ-ਫਲੈਟ ਤੋਂ ਦੁਕਾਨ-ਕਮ-ਦਫ਼ਤਰ ਵਿੱਚ 30 ਦਿਨਾਂ 'ਚ ਤਬਦੀਲ ਕੀਤਾ ਜਾਵੇਗਾ। ਜਦੋਂ ਕਿ ਸੈਰ-ਸਪਾਟਾ ਵਿਭਾਗ ਵੱਲੋਂ ਫਿਲਮ ਦੀ ਸ਼ੂਟਿੰਗ ਅਤੇ ਗੈਸਟ ਹਾਊਸ ਦੀ ਬੁਕਿੰਗ ਲਈ ਇਜਾਜ਼ਤ ਦੇਣ ਲਈ 7 ਦਿਨਾਂ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਹੈ। ਇਸ ਤੋਂ ਇਲਾਵਾ ਰਜਿਸਟਰਿੰਗ ਤੇ ਲਾਇਸੈਂਸਿੰਗ ਅਥਾਰਟੀ ਵੱਲੋਂ ਇੱਕ ਦਿਨ ਵਿੱਚ ਲਰਨਿੰਗ ਲਾਇਸੈਂਸ ਦਿੱਤਾ ਜਾਵੇਗਾ।

Dailyhunt
Disclaimer: This content has not been generated, created or edited by Dailyhunt. Publisher: Punjabi Tribune