ਕੇਰਲ ਦੇ ਵਾਇਨਾਡ ਜ਼ਿਲ੍ਹੇ ਦੀ ਮੇਪਡੀ ਪੰਚਾਇਤ ਵਿੱਚ ਇੱਕ ਸੁਰੰਗ ਪ੍ਰਾਜੈਕਟ ਵਾਲੀ ਥਾਂ 'ਤੇ ਮੀਂਹ ਕਾਰਨ ਗਿੱਲੀ ਹੋਈ ਮਿੱਟੀ ਦਾ ਵੱਡਾ ਢੇਰ ਖਿਸਕਣ ਕਾਰਨ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 10 ਜਣੇ ਜ਼ਖ਼ਮੀ ਹੋ ਗਏ ਅਤੇ ਪੰਜ ਲਾਪਤਾ ਹਨ। ਰਾਜ ਦੇ ਦੋ ਮੰਤਰੀਆਂ ਨੇ ਇਸ ਨੂੰ 'ਮਨੁੱਖੀ ਲਾਪਰਵਾਹੀ' ਕਰਾਰ ਦਿੱਤਾ ਹੈ।
ਅਧਿਕਾਰੀਆਂ ਅਨੁਸਾਰ, ਜ਼ਮੀਨ ਖਿਸਕਣ ਦੀ ਇਹ ਘਟਨਾ ਕਾਲਾਡੀ ਵਿੱਚ ਮੀਨਾਕਸ਼ੀ ਪੁਲ ਦੇ ਨੇੜੇ ਵਾਪਰੀ ਹੈ, ਜਿੱਥੇ ਕੋਜ਼ੀਕੋਡ ਅਤੇ ਵਾਇਨਾਡ ਜ਼ਿਲ੍ਹਿਆਂ ਨੂੰ ਜੋੜਨ ਵਾਲੀ ਇੱਕ ਸੁਰੰਗ ਪੁੱਟਣ ਦਾ ਪ੍ਰਾਜੈਕਟ ਚੱਲ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਜੈਕਟ ਦਾ ਕੰਮ ਕਰ ਰਹੇ ਠੇਕੇਦਾਰ ਨੇ ਇਸ ਆਫ਼ਤ ਦਾ ਕਾਰਨ ਮੌਨਸੂਨ ਦੌਰਾਨ ਹੋਈ ਬਹੁਤ ਜ਼ਿਆਦਾ ਬਾਰਿਸ਼ ਨੂੰ ਦੱਸਿਆ ਹੈ ਅਤੇ ਕਿਹਾ ਕਿ ਇਹ ਕੰਮ ਸਾਰੇ ਨਿਰਧਾਰਤ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਕੀਤਾ ਜਾ ਰਿਹਾ ਸੀ। ਹਾਦਸੇ ਵਾਲੀ ਇਹ ਥਾਂ ਮੁੰਡੱਕਾਈ-ਚੂਰਲਮਾਲਾ ਪਿੰਡਾਂ ਦੇ ਬਿਲਕੁਲ ਨੇੜੇ ਹੈ, ਜਿੱਥੇ 2024 ਵਿੱਚ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਆਫ਼ਤ ਨਾਲ ਕੁੱਲ 18 ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ, 10 ਜਣੇ ਮੇਪਡੀ ਦੇ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ। ਅਜੇ ਵੀ ਲਾਪਤਾ ਪੰਜ ਹੋਰ ਲੋਕਾਂ ਦੀ ਭਾਲ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ। ਮਿੱਟੀ ਦੀ ਮੋਟੀ ਪਰਤ ਹੇਠਾਂ ਫਸੇ ਲੋਕਾਂ ਦਾ ਪਤਾ ਲਾਉਣ ਲਈ ਸੂਬਾ ਪੁਲੀਸ ਦੇ ਸੂਹੀਆ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ। -ਪੀਟੀਆਈ
