Dailyhunt Logo
  • Light mode
    Follow system
    Dark mode
    • Play Story
    • App Story

Weather: ਭਰਵੇਂ ਮੀਂਹ ਕਾਰਨ ਪਾਣੀ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹੀ

ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਭਰਵੇਂ ਮੀਂਹ ਨਾਲ ਕਈ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ। ਮੀਂਹ ਕਾਰਨ ਕਈ ਇਲਾਕੇ ਜਲ-ਥਲ ਹੋ ਗਏ ਅਤੇ ਸੜਕ ਆਵਾਜਾਈ ਵਿੱਚ ਵਿਘਨ ਪਿਆ। ਦੂਜੇ ਪਾਸੇ ਭਾਰਤੀ ਮੌਸਮ ਵਿਭਾਗ ਨੇ ਮੀਂਹ ਲਈ 'ਰੈੱਡ' ਅਤੇ 'ਓਰੇਂਜ' ਅਲਰਟ ਜਾਰੀ ਕੀਤੇ ਹਨ। ਸ਼ਹਿਰ ਦੇ ਮੌਸਮ ਸਟੇਸ਼ਨ ਸਫਦਰਜੰਗ ਵਿੱਚ ਘੱਟੋ-ਘੱਟ ਤਾਪਮਾਨ 25.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਭਾਰਤੀ ਮੌਸਮ ਵਿਭਾਗ ਅਨੁਸਾਰ 24 ਘੰਟਿਆਂ ਵਿੱਚ ਇੱਥੇ 14.2 ਮਿਲੀਮੀਟਰ ਮੀਂਹ ਪਿਆ ਹੈ।
ਜਾਣਕਾਰੀ ਅਨੁਸਾਰ ਅੱਜ ਭਰਵੇਂ ਮੀਂਹ ਨੇ ਦਿੱਲੀ ਸਰਕਾਰ, ਨਗਰ ਨਿਗਮ ਅਤੇ ਸਿੰਜਾਈ ਵਿਭਾਗ ਦੇ ਇਸ ਵਾਰ ਕੌਮੀ ਰਾਜਧਾਨੀ ਦਿੱਲੀ ਵਿੱਚ ਮੌਨਸੂਨ ਦੌਰਾਨ ਪਾਣੀ ਨਾ ਖੜ੍ਹਨ ਦੇਣ ਦੇ ਦਾਅਵੇ ਧੋਅ ਦਿੱਤੇ। ਮੀਂਹ ਕਾਰਨ ਥਾਂ-ਥਾਂ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੋ ਪਹੀਆ ਵਾਹਨ ਚਾਲਕਾਂ ਅਤੇ ਸੀ ਐੱਨ ਜੀ ਆਟੋ ਚਾਲਕਾਂ ਨੂੰ ਵੀ ਸੜਕਾਂ 'ਤੇ ਖੜ੍ਹੇ ਪਾਣੀ ਕਾਰਨ ਪ੍ਰੇਸ਼ਾਨੀ ਝੱਲਣੀ ਪਈ। ਇਸ ਦੌਰਾਨ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸ ਵੇਅ 'ਤੇ ਲੋਕ ਕਾਫ਼ੀ ਸਮਾਂ ਜਾਮ ਵਿੱਚ ਫਸੇ ਰਹੇ। ਸਦਰ ਬਾਜ਼ਾਰ, ਨਸੀਰਪੁਰ, ਗ੍ਰੇਟਰ ਕੈਲਾਸ਼, ਬਦਰਪੁਰ, ਤੇਲੀਵਾੜਾ, ਮਹਾਵੀਰ ਬਾਜ਼ਾਰ, ਸਵਰੂਪ ਨਗਰ ਅਤੇ ਕੁਸ਼ਕ ਰੋਡ ਸਮੇਤ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ। ਕੁਝ ਥਾਵਾਂ 'ਤੇ ਪੈਦਲ ਯਾਤਰੀ ਗੋਡਿਆਂ ਤੱਕ ਪਾਣੀ ਵਿੱਚੋਂ ਲੰਘਦੇ ਦੇਖੇ ਗਏ। ਰੋਹਤਕ ਰੋਡ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ, ਜਿੱਥੇ ਪੰਜਾਬੀ ਬਾਗ ਅਤੇ ਸ਼ਾਦੀਪੁਰ ਵਿਚਕਾਰ ਕਈ ਘੰਟਿਆਂ ਲਈ ਆਵਾਜਾਈ ਲਗਪਗ ਠੱਪ ਹੋ ਗਈ। ਸਥਿਤੀ ਹੋਰ ਵੀ ਵਿਗੜ ਗਈ ਕਿਉਂਕਿ ਕਈ ਦੋਪਹੀਆ ਵਾਹਨ ਸਵਾਰਾਂ ਨੇ ਉੱਚੇ ਮੈਟਰੋ ਕੋਰੀਡੋਰਾਂ ਦੇ ਹੇਠਾਂ ਮੀਂਹ ਤੋਂ ਬਚਣ ਲਈ ਪਨਾਹ ਲਈ, ਜਿਸ ਨਾਲ ਰੁਕਾਵਟਾਂ ਪੈਦਾ ਹੋ ਗਈਆਂ। ਆ ਈ ਟੀ ਓ ਚੌਕ 'ਤੇ ਵੀ ਆਵਾਜਾਈ ਜਾਮ ਰਹੀ। ਰਿੰਗ ਰੋਡ, ਆਊਟਰ ਰਿੰਗ ਰੋਡ ਅਤੇ ਨੈਸ਼ਨਲ ਹਾਈਵੇਅ 48 'ਤੇ, ਖਾਸ ਕਰ ਕੇ ਧੌਲਾ ਕੁਆਂ, ਮਹਿਪਾਲਪੁਰ ਅਤੇ ਰਾਜੋਕਰੀ ਦੇ ਨੇੜੇ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਾਬਿਲੇਗੌਰ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਅੰਦਰ ਸੜਕਾਂ 'ਤੇ ਪਾਣੀ ਖੜ੍ਹਨ ਦੀ ਸਮੱਸਿਆ ਇਸ ਵਾਰ ਨਹੀਂ ਹੋਵੇਗੀ।
ਇਸੇ ਤਰ੍ਹਾਂ ਉੱਤਰੀ ਦਿੱਲੀ ਦੇ ਸਵਰੂਪ ਨਗਰ ਵਿੱਚ ਸਕੂਲੀ ਵਿਦਿਆਰਥਣਾਂ ਨੂੰ ਘਰ ਜਾਣ 'ਚ ਪ੍ਰੇਸ਼ਾਨੀ ਆਈ। ਇਸ ਸਬੰਧੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪਾਣੀ ਨਾਲ ਭਰੀ ਸੜਕ 'ਤੇ ਟਰਾਂਸਫਾਰਮਰ ਦੇ ਆਲੇ ਦੁਆਲੇ ਲੱਗੇ ਲੋਹੇ ਦੇ ਗਾਡਰ ਨੂੰ ਫੜ ਕੇ ਜਾ ਰਹੀਆਂ ਹਨ। ਇਸ ਨਾਲ ਬੱਚਿਆਂ ਦੀ ਸੁਰੱਖਿਆ ਸਬੰਧੀ ਪ੍ਰਬੰਧਾਂ 'ਤੇ ਕਈ ਸਵਾਲ ਉੱਠ ਰਹੇ ਹਨ।

ਉਸਾਰੀ ਅਧੀਨ ਮਕਾਨ ਡਿੱਗਿਆ, ਇਕ ਮੌਤ

ਨਵੀਂ ਦਿੱਲੀ: ਦਿੱਲੀ ਦੇ ਰੋਹਿਣੀ ਵਿੱਚ ਭਰਵੇਂ ਮੀਂਹ ਦੌਰਾਨ ਉਸਾਰੀ ਅਧੀਨ ਤਿੰਨ ਮੰਜ਼ਿਲਾ ਮਕਾਨ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੋ ਜਣਿਆਂ ਨੂੰ ਮਲਬੇ 'ਚੋਂ ਸੁਰੱਖਿਆ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਅਨੁਸਾਰ ਮਲਬੇ ਵਿੱਚ 5-6 ਜਣਿਆਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਜਾਣਕਾਰੀ ਅਨੁਸਾਰ ਪੁਲੀਸ, ਐੱਨ ਡੀ ਆਰ ਐੱਫ ਅਤੇ ਹੋਰ ਟੀਮਾਂ ਬਚਾਅ ਕਾਰਜਾਂ ਵਿੱਚ ਜੁਟ ਗਈਆਂ ਹਨ। ਅਧਿਕਾਰੀਆਂ ਅਨੁਸਾਰ ਮਕਾਨ ਡਿੱਗਣ ਦੇ ਅਸਲ ਕਾਰਨਾਂ ਦੀ ਜਾਂਚ ਜਾਰੀ ਹੈ। -ਪੀਟੀਆਈ

Dailyhunt
Disclaimer: This content has not been generated, created or edited by Dailyhunt. Publisher: Punjabi Tribune